#PUNJAB

ਲੁਧਿਆਣਾ ‘ਚ ਐੱਨ.ਆਰ.ਆਈ. ਨੂੰ ਅਗਵਾ ਕਰਕੇ ਫਿਰੌਤੀ ਮੰਗਣ ਵਾਲੀ ਔਰਤ ਤੇ ਉਸ ਦੇ ਦੋ ਸਾਥੀ ਗ੍ਰਿਫ਼ਤਾਰ

-ਹਨੀ ਟ੍ਰੈਪ ਰਾਹੀਂ ਕੀਤਾ ਸੀ ਅਗਵਾ
ਫਾਜ਼ਿਲਕਾ, 6 ਸਤੰਬਰ (ਤੇਜਿੰਦਰ ਪਾਲ ਸਿੰਘ ਖ਼ਾਲਸਾ/ਪੰਜਾਬ ਮੇਲ)- ਫਾਜ਼ਿਲਕਾ ਸਿਟੀ ਥਾਣੇ ‘ਚ ਬਲਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਥਾਦੇ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਇਤਲਾਹ ਦਿੱਤੀ ਕਿ ਕੈਲੀਫੋਰਨੀਆ (ਯੂ.ਐੱਸ.ਏ.) ਤੋਂ ਆਏ ਉਸ ਦੇ ਸਾਲ਼ੇ ਨਛੱਤਰ ਸਿੰਘ ਨੂੰ ਇਕ ਸਾਜ਼ਿਸ਼ ਤਹਿਤ ਲੁਧਿਆਣਾ ਦੇ ਹੋਟਲ ਪਾਰਕ ਪਲਾਜ਼ਾ ‘ਚੋਂ ਅਗਵਾ ਕਰ ਲਿਆ ਗਿਆ ਹੈ।
ਪੁਲਿਸ ਨੇ ਕਾਰਵਾਈ ਕਰਦਿਆਂ ਗੁਰਵਿੰਦਰ ਸਿੰਘ ਤੇ ਰਮਨਦੀਪ ਸੋਹੀ ਵਾਸੀ ਪਿੰਡ ਸ਼ਾਮਾ ਖਾਨਕਾ ਉਰਫ ਫਰਵਾ ਵਾਲਾ ਖ਼ਿਲਾਫ਼ ਕੇਸ ਦਰਜ ਕਰ ਕੇ ਗੁਰਵਿੰਦਰ ਸਿੰਘ ਦੇ ਘਰ ਐੱਮ.ਸੀ. ਕਾਲੋਨੀ ਫਾਜ਼ਿਲਕਾ ‘ਚ ਛਾਪਾ ਮਾਰ ਕੇ ਐੱਨ.ਆਰ.ਆਈ. ਨੂੰ ਬਰਾਮਦ ਕਰ ਲਿਆ ਤੇ ਗੁਰਵਿੰਦਰ ਸਿੰਘ, ਰਮਨਦੀਪ ਸੋਹੀ ਅਤੇ ਇਨ੍ਹਾਂ ਦੇ ਇਕ ਸਾਥੀ ਸੁਨੀਲ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੇ ਕਬਜ਼ੇ ‘ਚੋਂ ਇਕ ਰਾਈਫਲ 12 ਬੋਰ, ਇਕ ਰਾਈਫਲ 15 ਬੋਰ, 6 ਰੌਂਦ ਅਤੇ 2 ਪਿਸਤੌਲ 32 ਬੋਰ ਸਮੇਤ 10 ਰੌਂਦ ਬਰਾਮਦ ਕੀਤੇ ਹਨ।
ਐੱਸ.ਐੱਸ.ਪੀ. ਫਾਜ਼ਿਲਕਾ ਨੇ ਦੱਸਿਆ ਕਿ ਐੱਨ.ਆਰ.ਆਈ. ਨੂੰ ਹਨੀ ਟ੍ਰੈਪ ਰਾਹੀਂ ਅਗਵਾ ਕੀਤਾ ਗਿਆ ਸੀ। ਉਸ ਦੇ ਯੂ.ਐੱਸ.ਏ. ਵਿਚ 5 ਸਟੋਰ ਹਨ। ਮੁਲਜ਼ਮ ਰਮਨਦੀਪ ਸੋਹੀ ਕਾਫੀ ਸਾਲ ਪਹਿਲਾਂ ਯੂ.ਐੱਸ.ਏ. ਗਈ ਸੀ ਅਤੇ ਉਸ ਦੇ ਸਟੋਰ ‘ਚ ਕੰਮ ਕਰਦੀ ਸੀ। ਫਿਰ ਉਹ ਉਥੇ ਪੀ.ਆਰ. ਹੋ ਗਈ ਤੇ ਹੁਣ ਭਾਰਤ ਆ ਚੁੱਕੀ ਸੀ। ਲੜਕੀ ਵੱਲੋਂ ਨਛੱਤਰ ਸਿੰਘ ‘ਤੇ ਨਜ਼ਰ ਰੱਖੀ ਜਾ ਰਹੀ ਸੀ ਅਤੇ ਪਤਾ ਕੀਤਾ ਕਿ ਉਹ ਭਾਰਤ ਆਇਆ ਹੋਇਆ ਹੈ ਅਤੇ ਇਨ੍ਹਾਂ ਨੇ ਸਾਜ਼ਿਸ਼ ਤਹਿਤ ਉਸ ਨੂੰ ਅਗਵਾ ਕਰ ਲਿਆ। ਉਸ ਦੀ ਕੁੱਟਮਾਰ ਕੀਤੀ, ਕੱਪੜੇ ਉਤਾਰ ਕੇ ਵੀਡੀਓ ਬਣਾਈ ਅਤੇ 20 ਕਰੋੜ ਦੀ ਮੰਗ ਕੀਤੀ ਅਤੇ 10 ਕਰੋੜ ਰੁਪਏ ਦੇਣ ਬਦਲੇ ਉਸ ਨੂੰ ਛੱਡਣ ‘ਤੇ ਗੱਲ ਮੁੱਕ ਗਈ ਤੇ ਯੂ.ਐੱਸ.ਏ. ਵਿਚ ਪ੍ਰਾਪਰਟੀ ਰਾਹੀਂ ਲੈਣ-ਦੇਣ ਕਰਨ ਦੀ ਗੱਲ ਹੋਈ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਤਫਤੀਸ਼ ਜਾਰੀ ਹੈ।
ਮੁਲਜ਼ਮ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਨਛੱਤਰ ਸਿੰਘ ਉਸ ਦੀ ਭਾਬੀ ਨਾਲ ਧੱਕਾ ਕਰਦਾ ਸੀ। ਉਸ ਨੂੰ ਬਣਦੀ ਸਜ਼ਾ ਦਿੱਤੀ ਹੈ ਜਿਸ ਦਾ ਉਸ ਨੂੰ ਕੋਈ ਅਫਸੋਸ ਨਹੀਂ ਹੈ। ਉਸ ‘ਤੇ ਜਿੰਨੇ ਵੀ 12-14 ਪਰਚੇ ਹਨ ਉਹ ਹੱਕ ਦੇ ਹਨ।
ਮੁਲਜ਼ਮ ਰਮਨਦੀਪ ਨੇ ਦੱਸਿਆ ਕਿ ਉਹ 2015 ਵਿਚ ਬਾਹਰ ਗਈ ਸੀ। ਕੱਚੀ ਹੋਣ ਕਾਰਨ ਨਛੱਤਰ ਸਿੰਘ ਉਸ ਨਾਲ ਧੱਕਾ ਕਰਦਾ ਸੀ। ਉਦੋਂ ਉਹ ਕੋਈ ਕਾਰਵਾਈ ਨਹੀਂ ਸੀ ਕਰ ਸਕਦੀ। ਜਦੋਂ ਪਤਾ ਲੱਗਾ ਕਿ ਨਛੱਤਰ ਇੱਥੇ ਹੈ ਤੇ ਉਸ ਨੇ ਬਦਲਾ ਲਿਆ ਹੈ ਅਤੇ ਕੋਈ ਪੈਸਾ ਨਹੀਂ ਮੰਗਿਆ।

Leave a comment