#OTHERS #PUNJAB

ਲਾਹੌਰ ਵਿੱਚ ‘ਵਾਂਟੇਡ’ ਖਾਲਿਸਤਾਨੀ ਅਤਿਵਾਦੀ ਪਰਮਜੀਤ ਸਿੰਘ ਪੰਜਵੜ ਦੀ ਹੱਤਿਆ

ਲਾਹੌਰ/ਚੰਡੀਗੜ੍ਹ/ਅੰਮ੍ਰਿਤਸਰ, 7 ਮਈ (ਪੰਜਾਬ ਮੇਲ)-  ‘ਵਾਂਟੇਡ’ ਖਾਲਿਸਤਾਨੀ ਅਤਿਵਾਦੀ ਪਰਮਜੀਤ ਸਿੰਘ ਪੰਜਵੜ ਦੀ ਅੱਜ ਲਾਹੌਰ ਵਿਚ ਸਵੇਰੇ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਜਾਣਕਾਰੀ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪੁਲੀਸ ਨੇ ਦਿੱਤੀ ਹੈ। ਦੱਸਣਯੋਗ ਹੈ ਕਿ ਪੰਜਵੜ (63) ਪਾਬੰਦੀਸ਼ੁਦਾ ‘ਖਾਲਿਸਤਾਨ ਕਮਾਂਡੋ ਫੋਰਸ-ਪੰਜਵੜ ਗਰੁੱਪ’ ਦੀ ਅਗਵਾਈ ਕਰ ਰਿਹਾ ਸੀ ਤੇ ਨਸ਼ਿਆਂ-ਹਥਿਆਰਾਂ ਦੀ ਤਸਕਰੀ ਅਤੇ ਹੋਰ ਦਹਿਸ਼ਤੀ ਗਤੀਵਿਧੀਆਂ ਵਿਚ ਸ਼ਾਮਲ ਸੀ। ਉਸ ਨੂੰ ਭਾਰਤ ਵਿਚ ਯੂਏਪੀਏ ਕਾਨੂੰਨ ਤਹਿਤ 2020 ਵਿਚ ਅਤਿਵਾਦੀ ਗਰਦਾਨਿਆ ਗਿਆ ਸੀ। ਵੇਰਵਿਆਂ ਮੁਤਾਬਕ ਅੱਜ ਸਵੇਰੇ ਜਦ ਉਹ ਲਾਹੌਰ ਵਿਚ ਤੋਖਰ ਨਿਆਜ਼ ਬੇਗ਼ ਨੇੜੇ ਨਵਾਬ ਕਸਬੇ ਦੀ ‘ਸਨ ਫਲਾਵਰ ਹਾਊਸਿੰਗ ਸੁਸਾਇਟੀ’ ਦੇ ਪਾਰਕ ਵਿਚ ਆਪਣੇ ਗਾਰਡ ਨਾਲ ਮੌਜੂਦ ਸੀ ਤਾਂ ਦੋ ਜਣਿਆਂ ਨੇ ਉਸ ਉਤੇ ਗੋਲੀ ਚਲਾ ਦਿੱਤੀ। ਪਾਕਿਸਤਾਨ ਦੀ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਮਲਾਵਰ ਮੌਕੇ ਤੋਂ ਮੋਟਰਸਾਈਕਲ ਉਤੇ ਭੱਜ ਗਏ। ਜਾਣਕਾਰੀ ਮੁਤਾਬਕ ਪੰਜਵੜ ਇਸੇ ਸੁਸਾਇਟੀ ਵਿਚ ਰਹਿ ਰਿਹਾ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗਾਰਡ ਦੇ ਵੀ ਗੋਲੀਆਂ ਲੱਗੀਆਂ ਹਨ ਤੇ ਹਾਲਤ ਗੰਭੀਰ ਹੈ। ਅਧਿਕਾਰੀ ਨੇ ਦੱਸਿਆ ਕਿ ਹਮਲਾਵਰ ਨੇ ਪੰਜਵੜ ਦੇ ਸਿਰ ਵਿਚ ਗੋਲੀ ਮਾਰੀ। ਭਾਰਤ ਵਿਚਲੀਆਂ ਕਈ ਸਿੱਖ ਜਥੇਬੰਦੀਆਂ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਦਲ ਖ਼ਾਲਸਾ ਜਥੇਬੰਦੀ ਨੇ ਆਪਣੇ ਸੋਸ਼ਲ ਮੀਡੀਆ ਪੇਜ ਉੱਤੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਸੰਨ 1986 ’ਚ ਪੰਜਵੜ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਵਿਚ ਸ਼ਾਮਲ ਹੋ ਗਿਆ ਸੀ। ਮਗਰੋਂ ਉਹ ਇਸੇ ਸੰਗਠਨ ਦੀ ਅਗਵਾਈ ਕਰਨ ਲੱਗਾ ਤੇ ਪਾਕਿਸਤਾਨ ਚਲਾ ਗਿਆ। ਕੇਸੀਐਫ ’ਤੇ ਵੀ ਭਾਰਤ ਵਿਚ ਯੂਏਪੀਏ ਕਾਨੂੰਨ ਤਹਿਤ ਪਾਬੰਦੀ ਲੱਗੀ ਹੋਈ ਹੈ। ਪੰਜਵੜ ਹਾਲਾਂਕਿ ਪਿਛਲੇ ਕਈ ਸਾਲਾਂ ਤੋਂ ਸਰਗਰਮ ਨਹੀਂ ਸੀ, ਪਰ ਲਾਹੌਰ ਉਸ ਦੀਆਂ ਗਤੀਵਿਧੀਆਂ ਦਾ ਕੇਂਦਰ ਰਿਹਾ ਤੇ ਉਹ ਪਾਕਿਸਤਾਨ ਵਿਚ ਨੌਜਵਾਨਾਂ ਨੂੰ ਹਥਿਆਰਾਂ ਦੀ ਸਿਖ਼ਲਾਈ ਦੇਣ ਵਿਚ ਵੀ ਸ਼ਾਮਲ ਰਿਹਾ। ਕੇਂਦਰੀ ਗ੍ਰਹਿ ਮੰਤਰਾਲੇ ਦੀ ਰਿਪੋਰਟ ਮੁਤਾਬਕ ਉਹ ਹਥਿਆਰ-ਅਸਲਾ ਸਪਲਾਈ ਕਰਨ ਤੇ ਮਗਰੋਂ ਭਾਰਤ ਵਿਚ ਘੁਸਪੈਠ ਕਰਵਾ ਕੇ ‘ਵੀਆਈਪੀਜ਼’ ਅਤੇ ਕਈ ਅਹਿਮ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਵਿਚ ਵੀ ਸ਼ਾਮਲ ਰਿਹਾ। ਉਸ ਨੇ ‘ਰੇਡੀਓ ਪਾਕਿਸਤਾਨ’ ਉਤੇ ਕਈ ਪ੍ਰੋਗਰਾਮ ਵੀ ਕੀਤੇ ਜੋ ਕਿ ਘੱਟਗਿਣਤੀਆਂ ਨੂੰ ਭਾਰਤ ਸਰਕਾਰ ਖ਼ਿਲਾਫ਼ ਭੜਕਾਉਣ ਵਾਲੇ ਸਨ।

ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਇਕ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਸੀ ਕਿ ਤਸਕਰਾਂ ਤੇ ਅਤਿਵਾਦੀਆਂ ਵਿਚਾਲੇ ਤਾਲਮੇਲ ਕਰਾਉਣ ਵਿਚ ਵੀ ਉਸ ਦੀ ਵੱਡੀ ਭੂਮਿਕਾ ਰਹੀ। ਗ੍ਰਹਿ ਮੰਤਰਾਲੇ ਮੁਤਾਬਕ ਪੰਜਵੜ ਜਾਅਲੀ ਭਾਰਤੀ ਕਰੰਸੀ ਨਾਲ ਸਬੰਧਤ ਅਪਰਾਧਾਂ ਦਾ ਵੀ ਹਿੱਸਾ ਰਿਹਾ। ਉਸ ਨੇ ‘ਕੇਸੀਐਫ’ ਰਾਹੀਂ ਸਾਬਕਾ ਅਤਿਵਾਦੀਆਂ, ਸਲੀਪਰ ਸੈੱਲਾਂ ਤੇ ਜ਼ਮਾਨਤ ਉਤੇ ਚੱਲ ਰਹੇ ਹੋਰਨਾਂ ਨੂੰ ਦੁਬਾਰਾ ਸਰਗਰਮ ਕਰਨ ਦਾ ਯਤਨ ਵੀ ਕੀਤਾ। ‘ਕੇਸੀਐਫ’ ਸੰਨ 1986 ’ਚ ਹੋਂਦ ਵਿਚ ਆਈ ਸੀ।

ਇਸ ਵੱਲੋਂ ਬੈਂਕਾਂ ਲੁੱਟਣ ਤੇ ਅਗਵਾ ਦੀਆਂ ਵਾਰਦਾਤਾਂ ਕਰ ਕੇ ਫਿਰੌਤੀਆਂ ਲਈਆਂ ਗਈਆਂ ਜਿਨ੍ਹਾਂ ਨਾਲ ਦਹਿਸ਼ਤੀ ਗਤੀਵਿਧੀਆਂ ਲਈ ਹਥਿਆਰ ਖ਼ਰੀਦੇ ਗਏ। ਮੰਤਰਾਲੇ ਮੁਤਾਬਕ ਕੇਸੀਐਫ ਭਾਰਤ ਵਿਚ ਕਈ ਅਤਿਵਾਦੀ ਹਮਲਿਆਂ ਵਿਚ ਵੀ ਸ਼ਾਮਲ ਰਹੀ ਜਿਨ੍ਹਾਂ ਵਿਚ ਅਕਤੂਬਰ, 1988 ਦਾ ਬੰਬ ਧਮਾਕਾ ਵੀ ਸ਼ਾਮਲ ਸੀ। ਇਸ ਹਮਲੇ ਵਿਚ ਫਿਰੋਜ਼ਪੁਰ ’ਚ 10 ਰਾਏ ਸਿੱਖ ਮਾਰੇ ਗਏ ਸਨ। ਸਰਕਾਰੀ ਰਿਕਾਰਡ ਮੁਤਾਬਕ ਮੇਜਰ ਜਨਰਲ ਬੀ.ਐੱਨ. ਕੁਮਾਰ ਦੀ ਹੱਤਿਆ ਵਿਚ ਵੀ ਕੇਸੀਐਫ ਸ਼ਾਮਲ ਸੀ।

Leave a comment