#OTHERS

ਲਾਹੌਰ ਵਿਖੇ ‘ਵਾਰਿਸ ਸ਼ਾਹ ਅੰਤਰਰਾਸ਼ਟਰੀ ਐਵਾਰਡ’ ਸਮਾਗਮ ਦਾ ਸਫਲ ਆਯੋਜਨ

-ਵਿਦੇਸ਼ਾਂ ‘ਚ ਰਹਿੰਦੇ ਅਤੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵੱਖ-ਵੱਖ ਕਵੀਆਂ, ਕਹਾਣੀਕਾਰਾਂ ਤੇ ਮਾਂ ਬੋਲੀ ਪੰਜਾਬੀ ਦੇ ਸੇਵਕਾਂ ਦਾ ਹੋਇਆ ਸਨਮਾਨ
ਲਾਹੌਰ, 30 ਅਗਸਤ (ਪੰਜਾਬ ਮੇਲ)- ਚੜ੍ਹਦੇ ਪੰਜਾਬ ਦੇ ਪ੍ਰਮੁੱਖ ਪੰਜਾਬੀ ਕਹਾਣੀਕਾਰ ਸ. ਵਰਿਆਮ ਸਿੰਘ ਸੰਧੂ, ਕੈਨੇਡਾ ਨਿਵਾਸੀ ਉੱਚਕੋਟੀ ਦੇ ਪੰਜਾਬੀ ਕਵੀ ਸ਼੍ਰੀ ਰਵਿੰਦਰ ਰਵੀ, ਲਹਿੰਦੇ ਪੰਜਾਬ ਦੀ ਵਧੀਆ ਸੂਫੀ ਗਾਇਕ ਟੋਲੀ ‘ਬਾਬਾ ਗਰੁੱਪ’ ਨੂੰ ਸਭ ਤੋਂ ਇੱਜ਼ਤਾਂ-ਮਾਨਾਂ ਵਾਲੇ ਪੰਜਾਬੀ ਪੁਰਸਕਾਰ ‘ਵਾਰਿਸ ਸ਼ਾਹ ਅੰਤਰਰਾਸ਼ਟਰੀ ਅਵਾਰਡ’ ਨਾਲ ਲਾਹੌਰ ਪਾਕਿਸਤਾਨ ‘ਚ ਨਿਵਾਜਿਆ ਗਿਆ। ਕੁੱਲ ਮਿਲਾ ਕੇ 140 ਪੰਜਾਬੀ ਲੇਖਕਾਂ, ਕਵੀਆਂ, ਗਾਇਕਾਂ, ਕਲਾਕਾਰਾਂ, ਅਧਿਆਪਕਾਂ, ਪੰਜਾਬੀ ਅਖਬਾਰ, ਰਸਾਲਿਆਂ ਦੇ ਸੰਪਾਦਕਾਂ, ਮਾਂ ਬੋਲੀ ਪੰਜਾਬੀ ਦੇ ਦੇਸੀ-ਵਿਦੇਸ਼ੀ ਸੇਵਕਾਂ, ਰੇਡੀਓ ਟੀ.ਵੀ. ਤੇ ਸੋਸ਼ਲ ਮੀਡੀਆ ਤੇ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਜਾਬੀਆਂ ਦੇ ਸਾਂਝੇ ਦੁੱਖਾਂ-ਦਰਦਾਂ ਦੀ ਗੱਲ ਕਰਨ ਵਾਲੇ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸ਼ਾਨਾਂਮੱਤੇ ਸਮਾਗਮ ਵਿਚ ਭਾਗ ਲੈਣ ਲਈ ਵਿਸ਼ਵ ਭਰ ਤੋਂ ਏਨੀ ਵੱਡੀ ਗਿਣਤੀ ਵਿਚ ਲੋਕ ਆਏ ਸਨ ਕਿ ਇਸ ਦਾ ਪ੍ਰਬੰਧ ਕਜਾਫੀ ਸਟੇਡੀਅਮ ਲਾਹੌਰ ਦੇ ਵਿਸ਼ਾਲ ਪਿਲਾਕ ਆਡੀਟੋਰੀਅਮ ਵਿਚ ਕੀਤਾ ਗਿਆ ਸੀ। ਇਹ ਉਹੀ ਜਗਤ ਪ੍ਰਸਿੱਧ ਸਟੇਡੀਅਮ ਹੈ, ਜਿਸ ਵਿਚ ਕ੍ਰਿਕਟ ਦਾ ਵਿਸ਼ਵ ਕੱਪ ਹੋਇਆ ਸੀ।
‘ਵਾਰਿਸ ਸ਼ਾਹ ਆਲਮੀ ਫਾਊਂਡੇਸ਼ਨ’ ਦੇ ਚੇਅਰਮੈਨ ਇਲਿਆਸ ਘੁੰਮਣ ਨੇ ਮਹਿਮਾਨਾਂ ਦਾ ਨਿੱਘਾ ਸੁਆਗਤ ਕਰਦਿਆਂ ਕਿਹਾ ਕਿ ਅਗਲੇ ਸਾਲ ਤੋਂ ਵਧੀਆ ਪੰਜਾਬੀ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਅਤੇ ਬਿਹਤਰੀਨ ਅਭਿਨੇਤਾ, ਅਭਿਨੇਤਰੀ ਨੂੰ ਵੀ ‘ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ’ ਨਾਲ ਸਨਮਾਨਿਤ ਕੀਤਾ ਜਾਏਗਾ।
‘ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ 2023’ ਜੇਤੂਆਂ ‘ਚ 1. ਪ੍ਰੋ. ਡਾ. ਨਬੀਲਾ ਰਹਿਮਾਨ ਵੀ.ਸੀ. ਝੰਗ ਯੂਨੀਵਰਸਿਟੀ (ਪਾਕਿਸਤਾਨ ਵਿਚ ਪੰਜਾਬੀ ਪੜ੍ਹਾਈ ਲਿਖਾਈ ਲਈ ਉਪਰਾਲੇ ਕਰਨ ਲਈ), 2. ਪ੍ਰੋ. ਡਾ. ਕਲਿਆਣ ਸਿੰਘ ਕਲਿਆਣ (ਪਾਕਿਸਤਾਨ ਵਿਚ ਗੁਰਮਤਿ ਅਤੇ ਗੁਰਮੁੱਖੀ ਸਿਖਿਆ ਦੇਣ ‘ਤੇ), 3. ਪ੍ਰੋ. ਡਾ. ਨਿਗਹਤ ਖੁਰਸ਼ੀਦ ਪ੍ਰਿੰ. ਬੀਬੀਆਂ ਦਾ ਸਰਕਾਰੀ ਕਾਲਜ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ (ਲੇਖਿਕਾ ਅਧਿਆਪਕਾ ਵਿਸ਼ੇਸ਼ ਕਰਕੇ ਸਿੱਖ ਵਿਦਿਆਰਥਣਾਂ ਨੂੰ ਆਧੁਨਿਕ ਸਿੱਖਿਆ ਦੇਣ ਦੀ ਸੇਵਾ ‘ਤੇ), 4. ਸੇਵਾਮੁਕਤ ਪੰਜਾਬੀ ਪ੍ਰੋ. ਡਾ. ਦਿਲਸ਼ਾਦ ਟਿਵਾਣਾ (1971-72 ਵਿਚ ਪਾਕਿਸਤਾਨ ਦੀ ਪਹਿਲੀ ਪੰਜਾਬੀ ਪੀ.ਐੱਚ.ਡੀ ਕਰਨ ਵਾਲੀ ਬੀਬੀ, ਜਿਸ ਨੇ ਅਨੇਕਾਂ ਸਰਕਾਰੀ ਕਾਰਜਾਂ ਵਿਚ ਪੰਜਾਬੀ ਵਿਭਾਗ ਚਲਾਉਣ ਦੀ ਸੇਵਾ ਨਿਭਾਈ) ਆਦਿ ਸ਼ਾਮਲ ਸਨ।
ਸਨਮਾਨਿਤ ਕੀਤੇ ਗਏ ਵਿਦੇਸ਼ੀ ਪੰਜਾਬੀ ਲੇਖਕਾਂ ਵਿਚ ਹਰਕੀਰਤ ਕੌਰ ਚਹਿਲ (ਕੈਨੇਡਾ), ਅੰਬਰੀਨ ਜਫਰ (ਯੂ.ਕੇ.), ਅਸ਼ਰਫ ਗਿਲ (ਯੂ.ਐੱਸ.ਏ.), ਜਫਰ ਵੜੈਚ (ਫਿਨਲੈਂਡ), ਸੁਹੇਲ ਸਫਦਰ (ਸਵੀਡਨ), ਅਬਾਸ ਖਾਨ ਲਾਸ਼ਾਰੀ (ਦੁਬਈ), ਵਾਰਿਸ ਅਲੀ ਵਾਰਿਸ (ਆਸਟ੍ਰੇਲੀਆ ਰੇਡੀਓ) ਅਤੇ ਅਨੇਕਾਂ ਹੋਰ ਹਸਤੀਆਂ ਸ਼ਾਮਲ ਸਨ।
ਸੋਸ਼ਲ ਮੀਡੀਆ ਤੇ ਪੰਜਾਬ, ਪੰਜਾਬੀ, ਪੰਜਾਬੀਅਤ ਲਈ ਆਵਾਜ਼ ਚੁੱਕਣ ਵਾਲੀਆਂ ‘ਚੋਂ ਜੇਬੀ ਹੰਜਰਾ, ਮਲਿਕ ਮੁਜਾਹਿਦ ਹੁਸੈਨ ਖੋਖਰ, ਅੰਜਮ ਸਰੋਇਆ, ਤਜਮਲ ਘੁੰਮਣ, ਖੁਰਮ ਸੁਲਾ ਅਤੇ ਅਨੇਕਾਂ ਹੋਰ ਨੂੰ ‘ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ।

Leave a comment