#OTHERS

ਲਾਹੌਰ ਪੁਲਿਸ ਵੱਲੋਂ ਇਮਰਾਨ ਖ਼ਾਨ ਤੇ ਹੋਰਾਂ ਖ਼ਿਲਾਫ਼ ਹੱਤਿਆ ਦੇ ਦੋਸ਼ ਹੇਠ ਕੇਸ ਦਰਜ

ਲਾਹੌਰ, 10 ਮਾਰਚ (ਪੰਜਾਬ ਮੇਲ)- ਲਾਹੌਰ ਪੁਲਿਸ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਮੁਖੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਾਰਟੀ ਦੇ 400 ਹੋਰ ਕਾਰਕੁਨਾਂ ਖ਼ਿਲਾਫ਼ ਹੱਤਿਆ ਤੇ ਅੱਤਵਾਦ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ। ਇਹ ਮਾਮਲਾ ਪਾਰਟੀ ਦੀ ਰੈਲੀ ਦੌਰਾਨ ਪੁਲਿਸ ਨਾਲ ਵਰਕਰਾਂ ਦੇ ਟਕਰਾਅ ‘ਚ ਇੱਕ ਵਿਅਕਤੀ ਦੀ ਮੌਤ ਅਤੇ ਕਈ ਹੋਰਾਂ ਦੇ ਜ਼ਖ਼ਮੀ ਹੋਣ ਦੇ ਸਿਲਸਿਲੇ ਵਿਚ ਦਰਜ ਕੀਤਾ ਗਿਆ ਹੈ।
ਇਸ ਦੌਰਾਨ ਇਮਰਾਨ ਸਰਕਾਰੀ ਅਦਾਰਿਆਂ ਖ਼ਿਲਾਫ਼ ਭੜਕਾਉਣ ਦਾ ਕੇਸ ਦਰਜ ਕਰਦਿਆਂ ਕੋਇਟਾ ਅਦਾਲਤ ਨੇ ਉਸ ਖ਼ਿਲਾਫ਼ ਗ਼ੈਰ-ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਨੇ ਆਪਣੇ 11 ਮਹੀਨਿਆਂ ਦੇ ਕਾਰਜਕਾਲ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਇਹ 80ਵਾਂ ਮਾਮਲਾ ਦਰਜ ਕਰਵਾਇਆ ਹੈ। ਖ਼ਾਨ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ ਪੀ.ਟੀ.ਆਈ. ਕਾਰਕੁਨਾਂ ‘ਤੇ ਪੁਲਿਸ ਵੱਲੋਂ ਬੁੱਧਵਾਰ ਨੂੰ ਕੀਤੀ ਗਈ ਕਥਿਤ ਕਾਰਵਾਈ ਦੌਰਾਨ ਇੱਕ ਵਰਕਰ ਦੀ ਮੌਤ ਹੋ ਗਈ ਸੀ। ਪੀ.ਟੀ.ਆਈ. ਦੇ ਇੱਕ ਸੀਨੀਅਰ ਨੇਤਾ ਫਵਾਦ ਚੌਧਰੀ ਨੇ ਇੱਥੇ ਕਿਹਾ ਕਿ ਪਾਰਟੀ ਦੇ ਮ੍ਰਿਤਕ ਵਰਕਰ ਦੇ ਪਰਿਵਾਰ ਦੀ ਸ਼ਿਕਾਇਤ ‘ਤੇ ਪੁਲਿਸ ਕਰਮੀਆਂ ਅਤੇ ਉਨ੍ਹਾਂ ਦੇ ਆਲ੍ਹਾ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਗਿਆ ਪਰ ਪੁਲਿਸ ਨੇ ਇਮਰਾਨ ਖ਼ਾਨ ਅਤੇ 400 ਹੋਰ ਵਰਕਰਾਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।

Leave a comment