#AMERICA

ਲਾਸ ਏਂਜਲਸ ‘ਚ ਸਕੂਲਾਂ ਦੇ ਸਟਾਫ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਦਿਨਾ ਹੜਤਾਲ

ਸੈਕਰਾਮੈਂਟੋ, 24 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸਰਵਿਸ ਇੰਪਲਾਈਜ ਇੰਟਰਨੈਸ਼ਨਲ ਯੂਨੀਅਨ ਜੋ ਲਾਸ ਏਂਜਲਸ ਦੇ ਸਕੂਲ ਕਸਟੋਡੀਅਨਾਂ, ਕੈਫਟੀਰੀਆ ਵਰਕਰਾਂ, ਬੱਸ ਡਰਾਇਵਰਾਂ ਤੇ ਹੋਰ ਸਹਾਇਕ ਸਟਾਫ਼ ਦੀ ਪ੍ਰਤੀਨਿੱਧਤਾ ਕਰਦੀ ਹੈ, ਵੱਲੋਂ ਡਿਸਟ੍ਰਿਕਟ ਟੀਚਰਾਂ ਦੇ ਸਮਰਥਨ ਨਾਲ ਤਿੰਨ ਦਿਨਾ ਹੜਤਾਲ ਸ਼ੁਰੂ ਕਰਨ ਤੇ ਰੈਲੀ ਕੱਢਣ ਦੀ ਰਿਪੋਰਟ ਹੈ। ਇਸ ਹੜਤਾਲ ਕਾਰਨ 5 ਲੱਖ ਤੋਂ ਵਧ ਵਿਦਿਆਰਥੀ ਪ੍ਰਭਾਵਿਤ ਹੋਏ ਹਨ। ਲਾਸ ਏਂਜਲਸ ‘ਚ ਅਮਰੀਕਾ ਦਾ ਦੂਸਰਾ ਸਭ ਤੋਂ ਵੱਡਾ ਸਕੂਲ ਸਿਸਟਮ ਹੈ। ਯੂਨੀਅਨ ਦੇ ਮੈਂਬਰਾਂ ਨੇ ਠੰਡ ਤੇ ਬਾਰਿਸ਼ ਦੀ ਪ੍ਰਵਾਹ ਕੀਤੇ ਬਗੈਰ ਰੈਲੀ ਕੱਢੀ। ਪ੍ਰਦਰਸ਼ਕਾਰੀਆਂ ਨੇ ਵੱਖ-ਵੱਖ ਤਰਾਂ ਦੇ ਮਾਟੋ ਚੁੱਕੇ ਹੋਏ ਸਨ, ਜਿਨ੍ਹਾਂ ਵਿਚ ਮਜ਼ਦੂਰੀ ਵਧਾਉਣ ਸਮੇਤ ਆਪਣੀਆਂ ਹੋਰ ਮੰਗਾਂ ਦਾ ਜ਼ਿਕਰ ਕੀਤਾ ਗਿਆ ਸੀ। ਯੂਨੀਅਨ ਦੀਆਂ ਮੰਗਾਂ ‘ਚ ਮਜ਼ਦੂਰੀ ਵਧਾਉਣਾ, ਪੂਰਾ ਸਮਾਂ ਕੰਮ ਦੇਣਾ, ਮਾਣ-ਸਨਮਾਨ ਦੇਣਾ ਤੇ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਸੁਧਾਰ ਲਈ ਸਟਾਫ਼ ਵਧਾਉਣਾ ਸ਼ਾਮਲ ਹਨ। ਯੂਨੀਅਨ ਨੇ ਕਿਹਾ ਹੈ ਕਿ ਵਰਕਰਾਂ ਦੀ ਔਸਤ ਤਨਖਾਹ 25000 ਡਾਲਰ ਸਾਲਾਨਾ ਹੈ ਤੇ ਜ਼ਿਆਦਾਤਰ ਵਰਕਰ ਪਾਰਟ ਟਾਈਮ ਕੰਮ ਕਰਦੇ ਹਨ, ਜਿਸ ਕਾਰਨ ਸਟਾਫ਼ ਦੀ ਘਾਟ ਰਹਿੰਦੀ ਹੈ। ਪ੍ਰਦਰਸ਼ਨ ‘ਚ ਸ਼ਾਮਲ ਕਸਟੋਡੀਅਨ ਜੋਸ ਟੋਵਰ ਨੇ ਕਿਹਾ ਕਿ ਉਹ ਗਰੀਬੀ ਦੀ ਰੇਖਾ ਦੇ ਹੇਠਾਂ ਜੀਵਨ ਜੀਅ ਰਹੇ ਹਨ, ਅਸੀਂ ਹੋਰ ਕੁਝ ਨਹੀਂ ਚਾਹੁੰਦੇ, ਕੇਵਲ ਪਾਣੀ ਤੋਂ ਉਪਰ ਜੀਣਾ ਚਾਹੁੰਦੇ ਹਾਂ। ਵਿਦਿਆਰਥੀਆਂ ਦੇ ਮਾਪਿਆਂ ਨੇ ਹਾਲਾਂਕਿ ਪੜ੍ਹਾਈ ਦੇ ਹੋ ਰਹੇ ਨੁਕਸਾਨ ‘ਤੇ ਨਾ ਖੁਸ਼ੀ ਜ਼ਾਹਿਰ ਕੀਤੀ ਹੈ ਪਰੰਤੂ ਸਕੂਲ ਸਟਾਫ਼ ਦੀਆਂ ਮੰਗਾਂ ਦਾ ਸਮਰਥਨ ਕੀਤਾ ਹੈ। ਕੁਝ ਮਾਪੇ ਵੀ ਪ੍ਰਦਰਸ਼ਨ ਵਿਚ ਸ਼ਾਮਲ ਹੋਏ।

Leave a comment