#PUNJAB

ਲਾਰੈਂਸ ਇੰਟਰਵਿਊ ਮਾਮਲੇ ’ਚ ਡੀਐੱਸਪੀ ਸੰਧੂ ਬਰਖ਼ਾਸਤ

ਗੁਰਸ਼ੇਰ ਸਿੰਘ ਸੰਧੂ ਨੇ ਪੁਲੀਸ ਵਿਭਾਗ ਦੇ ਅਕਸ ਨੂੰ ਢਾਹ ਲਗਾਈ: ਡੀਜੀਪੀ
ਚੰਡੀਗੜ੍ਹ, 3 ਜਨਵਰੀ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੁਲੀਸ ਹਿਰਾਸਤ ਦੌਰਾਨ ਇੰਟਰਵਿਊ ਕਰਾਉਣ ਵਾਲੇ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਹ ਇੰਟਰਵਿਊ ਮਾਰਚ 2023 ’ਚ ਖਰੜ ਸੀਆਈਏ ਦੀ ਹਿਰਾਸਤ ਦੌਰਾਨ ਕਰਵਾਈ ਗਈ ਸੀ। ਗੁਰਸ਼ੇਰ ’ਤੇ ਪੁਲੀਸ ਵਿਭਾਗ ਦੇ ਅਕਸ ਨੂੰ ਢਾਹ ਲਗਾਉਣ ਦਾ ਦੋਸ਼ ਲੱਗਾ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐੱਸਸੀ) ਵੱਲੋਂ ਪ੍ਰਵਾਨਗੀ ਮਿਲਣ ਮਗਰੋਂ ਗ੍ਰਹਿ ਮਾਮਲਿਆਂ ਬਾਰੇ ਵਿਭਾਗ ਨੇ ਉਸ ਨੂੰ ਅਹੁਦੇ ਤੋਂ ਬਰਖ਼ਾਸਤ ਕਰਨ ਦੇ ਹੁਕਮ ਜਾਰੀ ਕੀਤੇ। ਗੁਰਸ਼ੇਰ ਸਿੰਘ ਸੰਧੂ ਪਿਛਲੇ ਸਾਲ ਅਕਤੂਬਰ ਤੋਂ ਮੁਅੱਤਲ ਚੱਲ ਰਿਹਾ ਸੀ। ਜ਼ਿਕਰਯੋਗ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ’ਚ ਲਾਰੈਂਸ ਬਿਸ਼ਨੋਈ ਮੁੱਖ ਸਾਜ਼ਿਸ਼ਘਾੜਾ ਹੈ।

ਉਸ ’ਤੇ ਹੱਤਿਆ, ਅਗਵਾ ਅਤੇ ਫਿਰੌਤੀ ਵਸੂਲਣ ਆਦਿ ਦੇ 80 ਤੋਂ ਜ਼ਿਆਦਾ ਕੇਸ ਚੱਲ ਰਹੇ ਹਨ। ਬਰਖ਼ਾਸਤਗੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਗੁਰਸ਼ੇਰ ਨੇ 9ਵੀਂ ਬਟਾਲੀਅਨ, ਪੀਏਪੀ, ਅੰਮ੍ਰਿਤਸਰ ਦੇ ਕਮਾਂਡੈਂਟ ਕੋਲ ਭੇਜੀ ਚਾਰਜਸ਼ੀਟ ਨੂੰ ਸਵੀਕਾਰ ਨਹੀਂ ਕੀਤਾ ਸੀ। ਇਸ ’ਚ ਕਿਹਾ ਗਿਆ ਕਿ ਪੰਜਾਬ ਦੇ ਡੀਜੀਪੀ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਗੁਰਸ਼ੇਰ ਸਿੰਘ ਸੰਧੂ ਨੇ ਆਪਣੀ ਡਿਊਟੀ ’ਚ ਕੋਤਾਹੀ, ਅਣਗਹਿਲੀ ਅਤੇ ਮਾੜੇ ਵਿਹਾਰ ਨਾਲ ਵਿਭਾਗ ਦੇ ਅਕਸ ਨੂੰ ਢਾਹ ਲਗਾਈ ਹੈ। ਪੁਲੀਸ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਖ਼ਲ ਮਗਰੋਂ ਡੀਐੱਸਪੀ ਖ਼ਿਲਾਫ਼ ਕਾਰਵਾਈ ਕੀਤੀ ਹੈ। ਇਸ ਮਾਮਲੇ ’ਚ ਡੀਐੱਸਪੀ ਸਮੇਤ ਪੰਜਾਬ ਪੁਲੀਸ ਦੇ ਛੇ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਸੀ। ਬਾਕੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹਾਲੇ ਬਕਾਇਆ ਪਈ ਹੈ।