ਮਾਸਕੋ, 30 ਜੁਲਾਈ (ਪੰਜਾਬ ਮੇਲ)- ਰੂਸ ਨੇ ਅੱਜ ਵੱਡੇ ਤੜਕੇ ਤਿੰਨ ਯੂਕਰੇਨੀ ਡਰੋਨਾਂ ਵੱਲੋਂ ਮਾਸਕੋ ’ਤੇ ਹਮਲਾ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਹਮਲੇ ਵਿੱਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਤੇ ਰੂਸੀ ਰਾਜਧਾਨੀ ਦੇ ਚਾਰ ਹਵਾਈ ਅੱਡਿਆਂ ਵਿਚੋਂ ਇਕ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ। ਰੂਸੀ ਰੱਖਿਆ ਮੰਤਰਾਲੇ ਨੇ ਇਸ ਘਟਨਾ ਨੂੰ ‘ਕੀਵ ਨਿਜ਼ਾਮ ਵੱਲੋਂ ਕੀਤੀ ਦਹਿਸ਼ਤੀ ਹਮਲੇ ਦੀ ਕੋਸ਼ਿਸ਼’ ਕਰਾਰ ਦਿੱਤਾ ਹੈ। ਮੰਤਰਾਲੇ ਨੇ ਕਿਹਾ ਕਿ ਤਿੰਨ ਡਰੋਨਾਂ ਨੇ ਸ਼ਹਿਰ ਨੂੰ ਨਿਸ਼ਾਨਾ ਬਣਾਇਆ। ਹਵਾਈ ਰੱਖਿਆ ਪ੍ਰਣਾਲੀ ਰਾਹੀਂ ਇਨ੍ਹਾਂ ਵਿਚੋਂ ਇਕ ਡਰੋਨ ਨੂੰ ਹੇਠਾਂ ਸੁੱਟ ਲਿਆ ਗਿਆ ਤੇ ਦੋ ਹੋਰਨਾਂ ਨੂੰ ਜਾਮ ਕਰ ਦਿੱਤਾ, ਜੋ ਮਗਰੋਂ ਮਾਸਕੋ ਸ਼ਹਿਰ ਵਿਚ ਕਰੈਸ਼ ਹੋ ਗਏ। ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਕਿਹਾ ਕਿ ਹਮਲੇ ਨਾਲ ਮਾਸਕੋ ਸ਼ਹਿਰ ਵਿਚ ਦੋ ਇਮਾਰਤਾਂ ਦੇ ਬਾਹਰ ‘ਮਾਮੂਲੀ ਨੁਕਸਾਨ’ ਹੋਇਆ ਹੈ। ਰੂਸ ਦੀ ਸਰਕਾਰੀ ਖ਼ਬਰ ਏਜੰਸੀ ਤਾਸ ਨੇ ਐਮਰਜੈਂਸੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਹਮਲੇ ਵਿਚ ਇਕ ਸੁਰੱਖਿਆ ਗਾਰਡ ਜ਼ਖ਼ਮੀ ਹੋ ਗਿਆ।