#OTHERS

ਰੂਸ ਨੇ ਕ੍ਰੀਮੀਆ ‘ਚ ਪੁਲ ‘ਤੇ ਹਮਲੇ ਲਈ ਯੂਕਰੇਨ ਨੂੰ ਠਹਿਰਾਇਆ ਦੋਸ਼ੀ

-ਧਮਾਕੇ ‘ਚ ਪਤੀ-ਪਤਨੀ ਦੀ ਮੌਤ, ਧੀ ਜ਼ਖ਼ਮੀ
ਮਾਸਕੋ, 18 ਜੁਲਾਈ (ਪੰਜਾਬ ਮੇਲ)- ਕ੍ਰੀਮੀਆ ਨੂੰ ਰੂਸ ਨਾਲ ਜੋੜਨ ਵਾਲੇ ਅਹਿਮ ਪੁਲ ‘ਤੇ ਧਮਾਕੇ ਮਗਰੋਂ ਆਵਾਜਾਈ ਰੋਕ ਦਿੱਤੀ ਗਈ ਹੈ। ਰੂਸ ਨੇ ਪੁਲ ‘ਤੇ ਹਮਲੇ ਲਈ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਧਮਾਕੇ ‘ਚ ਜੋੜੇ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀ ਧੀ ਜ਼ਖ਼ਮੀ ਹੋ ਗਈ। ਕੇਰਸ਼ ਪੁਲ ‘ਤੇ ਪਹਿਲਾਂ ਰੇਲ ਗੱਡੀਆਂ ਵੀ ਰੋਕ ਦਿੱਤੀਆਂ ਗਈਆਂ ਸਨ ਪਰ ਕਰੀਬ 6 ਘੰਟਿਆਂ ਮਗਰੋਂ ਰੇਲ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ। ਰੂਸੀ ਅੱਤਵਾਦ ਵਿਰੋਧੀ ਕਮੇਟੀ ਨੇ ਕਿਹਾ ਕਿ ਇਹ ਹਮਲਾ ਯੂਕਰੇਨ ਦੇ ਦੋ ਸਮੁੰਦਰੀ ਡਰੋਨਾਂ ਨੇ ਕੀਤਾ ਸੀ। ਯੂਕਰੇਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਕਬੂਲੀ ਹੈ। ਇਹ ਪੁਲ ਪਿਛਲੇ ਸਾਲ ਅਕਤੂਬਰ ‘ਚ ਇਕ ਟਰੱਕ ‘ਚ ਰੱਖੇ ਬੰਬ ਦੇ ਧਮਾਕੇ ਕਰਨ ਨੁਕਸਾਨਿਆ ਗਿਆ ਸੀ ਤੇ ਉਸ ਦੀ ਮੁਰੰਮਤ ‘ਚ ਕਈ ਮਹੀਨੇ ਲੱਗ ਗਏ ਸਨ। ਕ੍ਰੀਮੀਆ 24 ਆਨਲਾਈਨ ਨਿਊਜ਼ ਚੈਨਲ ਵੱਲੋਂ ਨਸ਼ਰ ਵੀਡੀਓ ‘ਚ ਪੁਲ ਦਾ ਇਕ ਲਟਿਕਆ ਹੋਇਆ ਦਿਖ ਰਿਹਾ ਹੈ ਪਰ ਇਸ ਦਾ ਕੋਈ ਸੰਕੇਤ ਨਹੀਂ ਮਿਲਿਆ ਕਿ ਉਸ ਦਾ ਕੋਈ ਹਿੱਸਾ ਪਾਣੀ ‘ਚ ਡਿੱਗਿਆ ਹੈ। ਰੂਸੀ ਉਪ ਪ੍ਰਧਾਨ ਮੰਤਰੀ ਮਰਾਤ ਖੁਸਨੂਲਿਨ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਮਾਸਕੋ ਨੇ ਕਿਹਾ ਕਿ ਇਹ ਦਹਿਸ਼ਤੀ ਕਾਰਵਾਈ ਹੈ ਤੇ ਉਨ੍ਹਾਂ ਯੂਕਰੇਨੀ ਟਿਕਾਣਿਆਂ ‘ਤੇ ਹਮਲੇ ਤੇਜ਼ ਕਰਨ ਦਾ ਅਹਿਦ ਲਿਆ ਹੈ। ਰੂਸੀ ਸੁਰੱਖਿਆ ਕਾਊਂਸਲ ਦੇ ਉਪ ਮੁਖੀ ਦਮਿੱਤਰੀ ਮੈਦਵੇਦੇਵ ਨੇ ਯੂਕਰੇਨੀ ਸਰਕਾਰ ਨੂੰ ਦਹਿਸ਼ਤੀ ਜਥੇਬੰਦੀ ਕਰਾਰ ਦਿੱਤਾ ਹੈ।

Leave a comment