#EUROPE

ਰਿਸ਼ੀ ਸੁਨਕ ਵੱਲੋਂ ਗੈਰ-ਕਾਨੂੰਨੀ ਇਮੀਗ੍ਰੇਸ਼ਨ ‘ਤੇ ਨਕੇਲ ਕੱਸਣ ਲਈ ਤਕਨੀਕੀ ਸਾਂਝੇਦਾਰੀ ਦਾ ਐਲਾਨ

ਲੰਡਨ, 9 ਅਗਸਤ (ਪੰਜਾਬ ਮੇਲ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਨਲਾਈਨ ਗੈਰ-ਕਾਨੂੰਨੀ ਗਤੀਵਿਧੀਆਂ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਨ ਵਾਲੇ ਲੋਕਾਂ ਨਾਲ ਨਜਿੱਠਣ ਲਈ ਕਾਰਵਾਈ ਵਿਚ ਤੇਜ਼ੀ ਲਿਆਉਣ ਦੇ ਮਕਸਦ ਨਾਲ ਸੋਸ਼ਲ ਮੀਡੀਆ ਕੰਪਨੀਆਂ ਅਤੇ ਬ੍ਰਿਟਿਸ਼ ਸਰਕਾਰ ਦਰਮਿਆਨ ਸਵੈ-ਇੱਛਤ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਹਫ਼ਤੇ ਦੇ ਅੰਤ ਵਿਚ ਕੀਤੀ ਇੱਕ ਘੋਸ਼ਣਾ ਵਿਚ, ਸੁਨਕ ਨੇ ਕਿਹਾ ਕਿ ਇਹ ਕਦਮ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਨਕੇਲ ਕੱਸਣ ਦੇ ਉਨ੍ਹਾਂ ਦੇ ਟੀਚੇ ਨੂੰ ਪੂਰਾ ਕਰਨ ਵਿਚ ਮਦਦ ਕਰੇਗਾ। ਮਨੁੱਖੀ ਤਸਕਰਾਂ ਵੱਲੋਂ ਗੈਰ-ਕਾਨੂੰਨੀ ਰੂਪ ਨਾਲ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਖੁੱਲੇ ਸਮੁੰਦਰ ਰਸਤੇ ਬ੍ਰਿਟੇਨ ਪਹੁੰਚਾਉਣ ਲਈ ਵੱਡੀ ਰਕਮ ਵਸੂਲੀ ਜਾਂਦੀ ਹੈ।
ਨਵੀਂ ਸਾਂਝੇਦਾਰੀ ਵੱਲੋਂ ਆਨਲਾਈਨ ਸਮੱਗਰੀ ਵਿਚ ਲੋਕਾਂ ਦੇ ਸਮੂਹਾਂ ਲਈ ਛੋਟ ਦੀ ਪੇਸ਼ਕਸ਼, ਬੱਚਿਆਂ ਲਈ ਮੁਫ਼ਤ ਸਥਾਨ, ਜਾਅਲੀ ਦਸਤਾਵੇਜ਼ਾਂ ਦੀ ਪੇਸ਼ਕਸ਼ ਅਤੇ ਸੁਰੱਖਿਅਤ ਰਸਤੇ ਦੇ ਝੂਠੇ ਦਾਅਵੇ ਸ਼ਾਮਲ ਹੋਣਗੇ। ਸਰਕਾਰ ਦਾ ਕਹਿਣਾ ਹੈ ਕਿ ਇਹ ਸਾਰੇ ਮੁਨਾਫੇ ਲਈ ਕਮਜ਼ੋਰ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਖ਼ਤਰਨਾਕ ਅਤੇ ਗੈਰ-ਕਾਨੂੰਨੀ ਯਾਤਰਾਵਾਂ ਰਾਹੀਂ ਉਨ੍ਹਾਂ ਦੇ ਜੀਵਨ ਨੂੰ ਜ਼ੋਖ਼ਮ ਵਿਚ ਪਾਉਂਦੇ ਹਨ।
ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ 10 ਡਾਊਨਿੰਗ ਸਟ੍ਰੀਟ ਵੱਲੋਂ ਜਾਰੀ ਇੱਕ ਬਿਆਨ ਵਿਚ ਸੁਨਕ ਨੇ ਕਿਹਾ, ”ਕਿਸ਼ਤੀਆਂ ਨੂੰ ਰੋਕਣ ਲਈ, ਸਾਨੂੰ ਸ਼ੁਰੂਆਤੀ ਪੜਾਅ ‘ਤੇ ਹੀ ਚਾਲਬਾਜ਼ ਲੋਕਾਂ ਦੇ ਕੰਮਕਾਜ ਦੇ ਤਰੀਕੇ ਨਾਲ ਨਜਿੱਠਣਾ ਹੋਵੇਗਾ।” ਉਨ੍ਹਾਂ ਕਿਹਾ, ”ਇਸਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਲਈ ਲੁਭਾਉਣ ਅਤੇ ਉਨ੍ਹਾਂ ਦੀਆਂ ਜਾਨਾਂ ਨੂੰ ਜ਼ੋਖਮ ਵਿਚ ਪਾ ਕੇ ਮੁਨਾਫਾ ਕਮਾਉਣ ਦੀਆਂ ਉਨ੍ਹਾਂ (ਮਨੁੱਖੀ ਤਸਕਰਾਂ) ਦੀਆਂ ਕੋਸ਼ਿਸ਼ਾਂ ਨੂੰ ਨੱਥ ਪਾਉਣਾ ਹੈ। ਤਕਨੀਕੀ ਕੰਪਨੀਆਂ ਦੀ ਇਹ ਨਵੀਂ ਵਚਨਬੱਧਤਾ ਇਨ੍ਹਾਂ ਅਪਰਾਧੀਆਂ ਵਿਰੁੱਧ ਲੜਨ ਦੀਆਂ ਸਾਡੀਆਂ ਕੋਸ਼ਿਸ਼ਾਂ ਨੂੰ ਦੁੱਗਣਾ ਕਰੇਗੀ, ਉਨ੍ਹਾਂ ਦੇ ਨਾਪਾਕ ਵਪਾਰ ਨੂੰ ਬੰਦ ਕਰਨ ਲਈ ਮਿਲ ਕੇ ਕੰਮ ਕਰੇਗੀ।’

Leave a comment