ਨਵੀਂ ਦਿੱਲੀ, 3 ਅਗਸਤ (ਪੰਜਾਬ ਮੇਲ)- ਦੇਸ਼ ਦੇ ਮੌਜੂਦਾ 4001 ਵਿਧਾਇਕਾਂ ਦੀ ਕੁੱਲ ਜਾਇਦਾਦ 54,545 ਕਰੋੜ ਰੁਪਏ ਹੈ, ਜੋ ਕਿ ਨਾਗਾਲੈਂਡ, ਮਿਜ਼ੋਰਮ ਅਤੇ ਸਿੱਕਮ ਦੇ 2023-24 ਦੇ ਸਾਲਾਨਾ ਬਜਟ ਤੋਂ ਕਿਤੇ ਜ਼ਿਆਦਾ ਹੈ। ਇਹ ਦਾਅਵਾ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ ਰਿਪੋਰਟ ਵਿਚ ਕੀਤਾ ਗਿਆ ਹੈ। ਰਿਪੋਰਟ ‘ਚ ਦੱਸਿਆ ਕਿ 4001 ਦੇ ਹਲਫ਼ਨਾਮੇ ਦਾ ਵਿਸ਼ਲੇਸ਼ਣ ਕੀਤਾ ਗਿਆ।
ਰਿਪੋਰਟ ਮੁਤਾਬਕ ਸੂਬਾਈ ਵਿਧਾਨ ਸਭਾਵਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੌਜੂਦਾ ਵਿਧਾਇਕਾਂ ਦੀ ਔਸਤ ਜਾਇਦਾਦ ਕਰੀਬ 13.63 ਕਰੋੜ ਰੁਪਏ ਹੈ। ਜੇਕਰ ਪਾਰਟੀਆਂ ਦੇ ਵਿਧਾਇਕਾਂ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਭਾਜਪਾ ਦੇ 1356 ਵਿਧਾਇਕਾਂ ਦੀ ਔਸਤ ਜਾਇਦਾਦ 11.97 ਕਰੋੜ ਰੁਪਏ ਹੈ, ਜਦਕਿ ਕਾਂਗਰਸ ਦੇ ਵਿਧਾਇਕਾਂ ਦੀ ਔਸਤ ਜਾਇਦਾਦ 21.97 ਕਰੋੜ ਰੁਪਏ ਹੈ।
ਰਿਪੋਰਟ ‘ਚ ਖ਼ੁਲਾਸਾ ਕੀਤਾ ਗਿਆ ਹੈ ਕਿ ਦੇਸ਼ ਦੇ 4001 ਵਿਧਾਇਕਾਂ ਦੀ ਕੁੱਲ ਜਾਇਦਾਦ 3 ਸੂਬਿਆਂ ਨਾਗਾਲੈਂਡ, ਮਿਜ਼ੋਰਮ ਅਤੇ ਸਿੱਕਮ ਦੇ 2023-24 ਦੇ ਕੁੱਲ ਸਾਲਾਨਾ ਬਜਟ ਤੋਂ 49,103 ਕਰੋੜ ਰੁਪਏ ਤੋਂ ਵੱਧ ਹੈ। ਨਾਗਾਲੈਂਡ ਦਾ 2023-24 ਦਾ ਸਾਲਾਨਾ ਬਜਟ 23,086 ਕਰੋੜ ਰੁਪਏ ਹੈ। ਮਿਜ਼ੋਰਮ ਦਾ 14,210 ਕਰੋੜ ਰੁਪਏ ਹੈ ਅਤੇ ਸਿੱਕਮ ਦਾ 11,807 ਕਰੋੜ ਰੁਪਏ ਹੈ।
ਹਾਲ ਹੀ ‘ਚ ਕੀਤੇ ਗਏ ਵਿਸ਼ਲੇਸ਼ਣ ‘ਚ ਦਾਅਵਾ ਕੀਤਾ ਗਿਆ ਹੈ ਕਿ ਪੂਰੇ ਭਾਰਤ ਵਿਚ ਸੂਬਾ ਵਿਧਾਨ ਸਭਾ ‘ਚ ਲਗਭਗ 44 ਫ਼ੀਸਦੀ ਵਿਧਾਇਕਾਂ ਨੇ ਆਪਣੇ ਖਿਲਾਫ਼ ਅਪਰਾਧਿਕ ਮਾਮਲੇ ਐਲਾਨੇ ਹਨ। ਵਿਸ਼ਲੇਸ਼ਣ ‘ਚ ਦੇਸ਼ ਭਰ ਵਿਚ ਸੂਬਾਈ ਵਿਧਾਨ ਸਭਾਵਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਮੌਜੂਦਾ ਵਿਧਾਇਕਾਂ ਵੱਲੋਂ ਚੋਣ ਲੜਨ ਤੋਂ ਪਹਿਲਾਂ ਦਾਇਰ ਕੀਤੇ ਗਏ ਪੱਤਰਾਂ ਦੀ ਪੜਤਾਲ ਕੀਤੀ ਗਈ ਅਤੇ ਸਬੰਧਤ ਵੇਰਵਾ ਪ੍ਰਾਪਤ ਕੀਤਾ ਗਿਆ। ਵਿਸ਼ਲੇਸ਼ਣ ਵਿਚ 28 ਸੂਬਾਈ ਵਿਧਾਨ ਸਭਾਵਾਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ 4,033 ਵਿਚੋਂ ਕੁੱਲ 4,001 ਵਿਧਾਇਕਾਂ ਦਾ ਵੇਰਵਾ ਸ਼ਾਮਲ ਹੈ।