ਵਾਸ਼ਿੰਗਟਨ, 2 ਅਗਸਤ (ਪੰਜਾਬ ਮੇਲ)- ਅਮਰੀਕਾ ਵਿਚ ਅਗਲੇ ਸਾਲ ਯਾਨੀ 2024 ‘ਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਇਸ ਲਈ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਡੋਨਾਲਡ ਟਰੰਪ ਵਿਚਾਲੇ ਪਹਿਲਾਂ ਤੋਂ ਹੀ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਟਰੰਪ ਸਮੇਤ 14 ਉਮੀਦਵਾਰ ਰਾਸ਼ਟਰ ਪ੍ਰਮੁੱਖ ਬਣਨ ਦੀ ਦੌੜ ਵਿਚ ਸ਼ਾਮਲ ਹਨ। ਹਾਲਾਂਕਿ ਇਸ ਦੌਰਾਨ ਇਸ ਅਹੁਦੇ ਲਈ ਕੁਝ ਭਾਰਤੀ-ਅਮਰੀਕੀ ਨੇਤਾਵਾਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ, ਜੋ ਅਮਰੀਕਾ ਨੂੰ ਬਿਹਤਰ ਬਣਾਉਣ ਲਈ ਟਰੰਪ ਨੂੰ ਹਰਾਉਣ ਦੀ ਕੋਸ਼ਿਸ਼ ਕਰਨਗੇ। ਦੱਸ ਦੇਈਏ ਕਿ ਵਿਵੇਕ ਰਾਮਾਸਵਾਮੀ, ਨਿੱਕੀ ਹੇਲੀ ਅਤੇ ਹਰਸ਼ਵਰਧਨ ਸਿੰਘ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਚੋਣ ਲੜਨਗੇ। ਹਾਲਾਂਕਿ ਸਾਰੀਆਂ ਕਾਨੂੰਨੀ ਚੁਣੌਤੀਆਂ ਦੇ ਬਾਵਜੂਦ ਟਰੰਪ 2024 ਲਈ ਰਿਪਬਲਿਕਨ ਪਾਰਟੀ ਦੇ ਨਾਮਜ਼ਦਗੀ ਦੀ ਦੌੜ ਵਿਚ ਸਭ ਤੋਂ ਅੱਗੇ ਹਨ। ਰਿਪਬਲਿਕਨ ਆਪਣੀ ਪਾਰਟੀ ਦੇ ਅਗਲੇ ਰਾਸ਼ਟਰਪਤੀ ਉਮੀਦਵਾਰ ਦੀ ਰਸਮੀ ਤੌਰ ‘ਤੇ ਚੋਣ ਕਰਨ ਲਈ ਅਗਲੇ ਸਾਲ ਜੁਲਾਈ ਵਿਚ ਇੱਕ ਰਾਸ਼ਟਰੀ ਸੰਮੇਲਨ ਕਰਨਗੇ। ਇਹ ਸੰਮੇਲਨ 15 ਤੋਂ 18 ਜੁਲਾਈ ਤੱਕ ਮਿਲਵਾਕੀ, ਵਿਸਕਾਨਸਿਨ ਵਿਚ ਹੋਵੇਗਾ।
ਭਾਰਤੀ ਮੂਲ ਦੀ ਰਿਪਬਲਿਕਨ ਨੇਤਾ ਨਿੱਕੀ ਹੈਲੀ ਦੋ ਵਾਰ ਦੱਖਣੀ ਕੈਰੋਲੀਨਾ ਦੀ ਗਵਰਨਰ ਅਤੇ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਸਾਬਕਾ ਰਾਜਦੂਤ ਰਹਿ ਚੁੱਕੀ ਹੈ। ਨਿੱਕੀ ਹੇਲੀ ਲਗਾਤਾਰ ਤਿੰਨ ਚੋਣਾਂ ਵਿਚ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਨ ਵਾਲੀ ਤੀਜੀ ਭਾਰਤੀ-ਅਮਰੀਕੀ ਹੈ। ਇਸ ਤੋਂ ਪਹਿਲਾਂ ਬੌਬੀ ਜਿੰਦਲ 2016 ‘ਚ ਅਮਰੀਕੀ ਰਾਸ਼ਟਰਪਤੀ ਅਤੇ 2020 ਵਿਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਚੋਣ ਵਿਚ ਹਿੱਸਾ ਲੈ ਚੁੱਕੇ ਹਨ। ਭਾਵੇਂ ਜ਼ਿਆਦਾਤਰ ਸਰਵੇਖਣਾਂ ਵਿਚ 51 ਸਾਲਾ ਹੈਲੀ ਦਾ ਘੱਟ ਪ੍ਰਦਰਸ਼ਨ ਦੱਸਿਆ ਗਿਆ ਹੈ, ਪਰ ਜਦੋਂ ਦਾਨ ਦੀ ਗੱਲ ਆਉਂਦੀ ਹੈ, ਤਾਂ ਉਸਨੇ ਕਈ ਮਿਲੀਅਨ ਡਾਲਰ ਇਕੱਠੇ ਕੀਤੇ ਹਨ।
ਹੇਲੀ ਦਾ ਜਨਮ ਸਿੱਖ ਮਾਤਾ-ਪਿਤਾ ਅਜੀਤ ਸਿੰਘ ਰੰਧਾਵਾ ਅਤੇ ਰਾਜ ਕੌਰ ਰੰਧਾਵਾ ਦੇ ਘਰ ਹੋਇਆ ਸੀ, ਜੋ 1960 ਦੇ ਦਹਾਕੇ ਵਿਚ ਪੰਜਾਬ ਤੋਂ ਕੈਨੇਡਾ ਅਤੇ ਫਿਰ ਅਮਰੀਕਾ ਚਲੇ ਗਏ ਸਨ।
ਭਾਰਤੀ-ਅਮਰੀਕੀ ਉਦਯੋਗਪਤੀ ਵਿਵੇਕ ਰਾਮਾਸਵਾਮੀ ਨੇ ਫਰਵਰੀ ਵਿਚ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਹੈ। ਉਹ ਇੱਕ ਬਾਹਰੀ ਵਿਅਕਤੀ ਵਜੋਂ ਰਿਪਬਲਿਕਨ ਪਾਰਟੀ ਵਿਚ ਦਾਖਲ ਹੋਇਆ ਸੀ, ਪਰ ਹੁਣ ਉਹ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਨੂੰ ਪਿੱਛੇ ਛੱਡ ਕੇ ਤੀਜੇ ਨੰਬਰ ‘ਤੇ ਆ ਗਿਆ ਹੈ। ਸਿਹਤ ਸੰਭਾਲ ਅਤੇ ਤਕਨਾਲੋਜੀ ਉਦਯੋਗਪਤੀ ਵਿਵੇਕ ਰਾਮਾਸਵਾਮੀ ਨੂੰ ਰਿਪਬਲਿਕਨ ਪਾਰਟੀ ਦੇ 9 ਫੀਸਦੀ ਨੇਤਾਵਾਂ ਦਾ ਸਮਰਥਨ ਹਾਸਲ ਹੈ। ਇਸ ਦੇ ਨਾਲ ਹੀ ਟਰੰਪ ਨੂੰ 47 ਫੀਸਦੀ ਵੋਟ ਮਿਲੇ, ਜੋ ਡੀਸੈਂਟਿਸ ਦੇ 19 ਫੀਸਦੀ ਤੋਂ ਕਿਤੇ ਜ਼ਿਆਦਾ ਹਨ। ਰਾਮਾਸਵਾਮੀ ਦਾ ਜਨਮ ਸਿਨਸਿਨਾਟੀ, ਓਹਾਇਓ, ਅਮਰੀਕਾ ਵਿਚ ਹੋਇਆ ਸੀ।
ਭਾਰਤਵੰਸ਼ੀ ਹਰਸ਼ਵਰਧਨ ਸਿੰਘ ਵੀ ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ ਵਿਚ ਸ਼ਾਮਲ ਹੋ ਗਏ ਹਨ। ਏਰੋਸਪੇਸ ਇੰਜੀਨੀਅਰ ਹਰਸ਼ ਵਰਧਨ ਨੇ ਇੱਕ ਵੀਡੀਓ ਵਿਚ ਕਿਹਾ ਕਿ ਉਹ ਸਾਰੀ ਉਮਰ ਰਿਪਬਲਿਕਨ ਰਹੇ। ਉਸਨੇ ਹਮੇਸ਼ਾ ਅਮਰੀਕਾ ਫਸਟ ਦੀ ਨੀਤੀ ਤਹਿਤ ਕੰਮ ਕੀਤਾ। ਉਹ ਰੂੜੀਵਾਦੀ ਹਨ। ਹਰਸ਼ਵਰਧਨ ਸਿੰਘ ਨੇ ਰਿਪਬਲਿਕਨ ਪਾਰਟੀ ਲਈ ਨਿਊਜਰਸੀ ਵਿਚ ਆਪਣੇ ਕੰਜ਼ਰਵੇਟਿਵ ਵਿੰਗ ਨੂੰ ਬਹਾਲ ਕਰਨ ਲਈ ਕੰਮ ਕੀਤਾ।
ਕੁੱਲ ਮਿਲਾ ਕੇ ਅਮਰੀਕਾ ਦੇ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦੇ 14 ਉਮੀਦਵਾਰ ਚੋਣ ਮੈਦਾਨ ‘ਚ ਹਨ। ਡੋਨਾਲਡ ਟਰੰਪ ਤੋਂ ਇਲਾਵਾ ਰੌਨ ਡੀਸੈਟਿਸ, ਵਿਵੇਕ ਰਾਮਾਸਵਾਮੀ, ਮਾਈਕ ਪੇਂਸ, ਨਿੱਕੀ ਹੈਲੀ, ਟਿਮ ਸਕਾਟ, ਡਗ ਬਰਗਮ, ਆਸਾ ਹਚਿਨਸਨ, ਲੈਰੀ ਐਲਡਰ, ਪੈਰੀ ਜਾਨਸਨ, ਫਰਾਂਸਿਸ ਸੁਆਰੇਜ਼, ਰਿਆਨ ਵਿਕਲੇ, ਬਿਲ ਹਾਰਡ ਅਤੇ ਹਰਸ਼ਵਰਧਨ ਸਿੰਘ ਵੀ ਇਸ ਦੌੜ ਵਿਚ ਸ਼ਾਮਲ ਹਨ।