#AMERICA

ਰਾਹੁਲ ਗਾਂਧੀ ਵੱਲੋਂ ਅਮਰੀਕੀ ਦਰਸ਼ਕਾਂ ਨੂੰ ‘ਆਧੁਨਿਕ ਭਾਰਤ’ ਲਈ ਖੜ੍ਹੇ ਹੋਣ ਦਾ ਸੱਦਾ

ਨਿਊਯਾਰਕ, 6 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਭਾਰਤੀ ਸਿਆਸਤਦਾਨ ਰਾਹੁਲ ਗਾਂਧੀ ਅਮਰੀਕਾ ਵਿਚ ਆਪਣੇ 6 ਦਿਨ ਦੇ ਦੌਰੇ ਦੋਰਾਨ ਬੀਤੇ ਦਿਨੀਂ ਨਿਊਯਾਰਕ ਦੇ ਜੈਵਿਟਸ ਸੈਂਟਰ ਵਿਚ ਪਹੁੰਚੇ, ਜਿਥੇ ਉਨ੍ਹਾਂ ਪਾਰਟੀ ਵਰਕਰਾਂ ਦੇ ਇਕ ਭਾਰੀ ਇਕੱਠ ਨੂੰ ਸੰਬੋਧਨ ਕੀਤਾ। ਭਾਰਤੀ ਵਿਰੋਧੀ ਧਿਰ ਦੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਵਿਚ ਦੇਸ਼ ਦੀ ਲੀਡਰਸ਼ਿਪ ਦੀ ਆਲੋਚਨਾ ਕਰਦੇ ਹੋਏ, ਅਮਰੀਕਾ ਅਤੇ ਭਾਰਤੀਆਂ ਨੂੰ ਲੋਕਤੰਤਰ ਅਤੇ ਭਾਰਤੀ ਸੰਵਿਧਾਨ ਲਈ ਖੜ੍ਹੇ ਹੋਣ ਲਈ ਕਿਹਾ। ਰਾਹੁਲ ਗਾਂਧੀ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੱਖੇ ਤੇਵਰ ਕੱਸਦੇ ਹੋਏ ਆਲੋਚਨਾ ਕਰਦੇ ਕਿਹਾ ਕਿ ਲੋਕਤੰਤਰ ਦੀ ਗੱਲ ਕਰਦੇ ਸਮੇਂ ਉਨ੍ਹਾਂ ਨੂੰ ਸੰਸਦ ਤੋਂ ਕੱਢ ਦਿੱਤਾ ਗਿਆ ਸੀ। ਮੋਦੀ ਅਤੇ ਉਸਦੀ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਦੇਸ਼ ਨੂੰ ਵੰਡਣ ਅਤੇ ਬੇਰੁਜ਼ਗਾਰੀ ਅਤੇ ਸਿੱਖਿਆ ਵਰਗੇ ਮਹੱਤਵਪੂਰਨ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰਨ ਵਿਚ ਅਸਫਲ ਰਹਿਣ ਦਾ ਵੀ ਉਨ੍ਹਾਂ ਦੋਸ਼ ਲਗਾਇਆ। 52 ਸਾਲਾ ਰਾਹੁਲ ਗਾਂਧੀ ਨੇ ਮੈਨਹਟਨ ਦੇ ਜੈਕਬ ਜਾਵਿਟਸ ਸੈਂਟਰ ਵਿਖੇ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਐੱਸ.ਏ. ਦੇ ਸਮਾਗਮ ਵਿਚ ਲਗਭਗ 800 ਦੇ ਕਰੀਬ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਲੋਕਾਂ ਲਈ ਇਕ ਦੇਸ਼ ਦੇ ਪ੍ਰਧਾਨ ਮੰਤਰੀ ਵਲੋ ਘਮੰਡੀ ਹੋਣਾ, ਹੰਕਾਰੀ ਹੋਣਾ, ਹਿੰਸਕ ਹੋਣਾ, ਇਹ ਭਾਰਤੀ ਲੋਕਾਂ ਦੀਆ ਕਦਰਾਂ-ਕੀਮਤਾਂ ਨਹੀਂ ਹਨ। ਇਸ ਤੋਂ ਪਹਿਲਾ ਰਾਹੁਲ ਗਾਂਧੀ ਕੈਲੀਫੋਰਨੀਆ ਵਿਚ ਸਟੈਨਫੋਰਡ ਯੂਨੀਵਰਸਿਟੀ ਅਤੇ ਵਾਸ਼ਿੰਗਟਨ ਡੀ.ਸੀ. ਵਿਚ ਨੈਸ਼ਨਲ ਪ੍ਰੈੱਸ ਕਲੱਬ ਵਿਚ ਭਾਸ਼ਣ ਰੁਝੇਵਿਆਂ ਸਮੇਤ, ਸੰਯੁਕਤ ਰਾਜ ਦੇ ਤਿੰਨ ਸ਼ਹਿਰਾਂ ਦੇ ਦੌਰੇ ‘ਤੇ ਰਹੇ ਸਨ। ਇਸ ਦੌਰਾਨ, ਅਮਰੀਕੀ ਕਾਂਗਰਸ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਹੀਨੇ ਦੇ ਅੰਤ ਵਿਚ ਕਾਂਗਰਸ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨ ਲਈ ਵੀ ਸੱਦਾ ਦਿੱਤਾ ਹੈ। ਅਮਰੀਕੀ ਸਦਨ ਦੇ ਸਪੀਕਰ ਕੇਵਿਨ ਮੈਕਕਾਰਥੀ, ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਅਤੇ ਹੋਰ ਨੇਤਾਵਾਂ ਨੇ ਸੰਬੋਧਨ ਵਿਚ ਭਾਰਤ ਦੇ ਭਵਿੱਖ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਨ ਅਤੇ ਸਾਡੇ ਦੋਵਾਂ ਦੇਸ਼ਾਂ ਨੂੰ ਦਰਪੇਸ਼ ਵਿਸ਼ਵਵਿਆਪੀ ਚੁਣੌਤੀਆਂ ਨਾਲ ਗੱਲ ਕਰਨ ਦੇ ਮੌਕੇ ਵਜੋਂ ਘੋਸ਼ਿਤ ਕੀਤਾ। ਰਾਹੁਲ ਗਾਂਧੀ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੇ ਮੈਂਬਰ ਵੀ ਹਨ ਅਤੇ ਉਨ੍ਹਾਂ ਆਉਣ ਵਾਲੀਆਂ ਚੋਣਾਂ ਵਿਚ ਮੋਦੀ ਦੀ ਬੀ.ਜੇ.ਪੀ. ਪਾਰਟੀ ਨੂੰ ਮੁੱਖ ਚੁਣੌਤੀ ਦਿੱਤੀ।
ਇਸ ਮੌਕੇ ਉਨ੍ਹਾਂ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ (ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ), ਦਪਿੰਦਰ ਹੁੱਡਾ (ਐੱਮ.ਪੀ), ਡਾ: ਸੈਮ ਪਿਤਰੋਦਾ, ਨੀਰਜ ਸ਼ਰਮਾ, ਕਾਂਗਰਸੀ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ, ਸੀਨੀਅਰ ਕਾਗਰਸੀ ਕੇ.ਕੇ. ਬਾਵਾ ਤੋਂ ਇਲਾਵਾ ਹੋਰ ਕਈ ਕਾਗਰਸ ਪਾਰਟੀ ਦੇ ਆਗੂ ਮੌਜੂਦ ਸਨ। ਅਮਰੀਕਾ ਤੋਂ ਪਾਰਟੀ ਦੇ ਅਹੁਦੇਦਾਰ ਅਤੇ ਵਰਕਰਾਂ ਸਮੇਤ ਗੁਰਮੀਤ ਗਿੱਲ ਪ੍ਰਧਾਨ ਆਈ.ਐੱਨ.ਓ.ਸੀ. (ਪੰਜਾਬ ਚੈਪਟਰ) ਅਮਰੀਕਾ, ਮਹਿੰਦਰ ਸਿੰਘ ਗਿਲਜੀਆਂ ਪ੍ਰਧਾਨ ਆਈ.ਐੱਨ.ਓ.ਸੀ. ਅਮਰੀਕਾ, ਫੁੰਮਣ ਸਿੰਘ ਚੇਅਰਮੈਨ, ਅਮਰ ਸਿੰਘ ਗੁਲਸ਼ਨ (ਪ੍ਰਧਾਨ ਹਰਿਆਣਾ ਚੈਪਟਰ ਅਮਰੀਕਾ ਅਤੇ ਨਿਊਯਾਰਕ’, ਨਿਊਜਰਸੀ ਅਤੇ ਹੋਰ ਸੂਬਿਆਂ ਤੋਂ ਵੀ ਕਾਂਗਰਸ ਪਾਰਟੀ ਦੇ ਵਰਕਰ ਵੀ ਮੌਜੂਦ ਸਨ।

Leave a comment