#INDIA

ਰਾਹੁਲ ਗਾਂਧੀ ਦੇ ਹੱਕ ’ਚ ਫ਼ੈਸਲਾ ਆਉਣ ’ਤੇ ਕਾਂਗਰਸੀਆਂ ਨੇ ਲੱਡੂ ਵੰਡੇ

ਨਵੀਂ ਦਿੱਲੀ, 5 ਅਗਸਤ (ਪੰਜਾਬ ਮੇਲ)-ਮਾਣਹਾਨੀ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਫ਼ੈਸਲਾ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਹੱਕ ਵਿੱਚ ਆਉਣ ’ਤੇ ਕਾਂਗਰਸੀ ਆਗੂਆਂ ਤੇ ਕਾਰਕੁਨਾਂ ਨੇ ਅੱਜ ਇੱਥੇ ਲੱਡੂ ਵੰਡੇ ਅਤੇ ਢੋਲ ਵਜਾ ਕੇ ਜਸ਼ਨ ਮਨਾਇਆ। ਕਾਂਗਰਸ ਪਾਰਟੀ ਦੀ ਕੌਮੀ ਜਨਰਲ ਸਕੱਤਰ ਤੇ ਸਾਬਕਾ ਕੇਂਦਰੀ ਮੰਤਰੀ ਭੈਣ ਕੁਮਾਰੀ ਸ਼ੈਲਜਾ ਅਤੇ ਹਰਿਆਣਾ ਦੀ ਸੀਨੀਅਰ ਲੀਡਰਸ਼ਿਪ ਨੇ ਸਮੂਹ ਕਾਂਗਰਸੀ ਵਰਕਰਾਂ ਨੂੰ ਵਧਾਈ ਦਿੱਤੀ। ਕਾਂਗਰਸੀ ਆਗੂਆਂ ਨੇ ਕਿਹਾ ਕਿ ਅੱਜ ਦੇਸ਼ ਦੀ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਵਿਰੁੱਧ ਸਜ਼ਾ ਮੁਅੱਤਲ ਕਰਕੇ ਅਤੇ ਉਨ੍ਹਾਂ ਦੀ ਮੈਂਬਰਸ਼ਿਪ ਬਹਾਲ ਕਰਕੇ ਭਾਜਪਾ ਦੀ ਸਾਜ਼ਿਸ਼ ਨੂੰ ਲੋਕਾਂ ਸਾਹਮਣੇ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਜਾਣਦੀ ਹੈ ਇਹ ਕੇਸ ਮਨਮਾਨੇ ਢੰਗ ਨਾਲ ਗੁਜਰਾਤ ਦੀ ਅਦਾਲਤ ਵਿੱਚ ਚਲਾਇਆ ਗਿਆ ਜਦੋਂਕਿ ਮਾਮਲਾ ਕਰਨਾਟਕ ਦਾ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਜਾਣ-ਬੁੱਝ ਕੇ ਸੰਸਦ ਵਿੱਚ ਰਾਹੁਲ ਗਾਂਧੀ ਦੀ ਆਵਾਜ਼ ਨੂੰ ਦਬਾਉਣ ਦੀ ਸੋਚੀ ਸਮਝੀ ਸਾਜ਼ਿਸ਼ ਰਚਦਿਆਂ ਪਹਿਲਾਂ ਉਨ੍ਹਾਂ ਦੀ ਮੈਂਬਰਸ਼ਿਪ ਅਤੇ ਫਿਰ ਉਨ੍ਹਾਂ ਦਾ ਘਰ ਖੋਹ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਸਭ ਤੋਂ ਵੱਡੀ ਅਦਾਲਤ ਜਨਤਾ ਦੀ ਹੈ ਜਿਸ ਦੇ ਚਲਦਿਆਂ ਕਰਨਾਟਕ ਦੀ ਜਨਤਾ ਨੇ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਨੂੰ ਭਾਰੀ ਸਮਰਥਨ ਦੇ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ। ਅੱਜ ਹਲਕਾ ਯਮੁਨਾਨਗਰ ਦੇ ਕਾਂਗਰਸੀ ਵਰਕਰਾਂ ਨੇ ਪਰਸ਼ੂਰਾਮ ਚੌਕ ਨੇੜੇ ਸਸੋਲੀ ਰੋਡ ਯਮੁਨਾਨਗਰ ਪਹੁੰਚ ਕੇ ਲੱਡੂ ਵੰਡ ਕੇ ਅਤੇ ਢੋਲ ਵਜਾ ਕੇ ਸਮੁੱਚੀ ਜਨਤਾ ਨਾਲ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਨਿਰਮਲ ਚੌਹਾਨ, ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ਼ਿਆਮ ਸੁੰਦਰ ਬੱਤਰਾ, ਦਵਿੰਦਰ ਸਿੰਘ ਕੌਂਸਲਰ, ਵਿਨੈ ਕੰਬੋਜ ਟਿੰਕੂ ਕੌਂਸਲਰ, ਮੋਹਨ ਵਰਮਾ, ਰਾਮਪਾਲ ਸਾਬਕਾ ਡਿਪਟੀ ਮੇਅਰ, ਰਵਿੰਦਰ ਸਿੰਘ ਬਬਲੂ, ਹਰਪਾਲ ਸੁੱਢਲ, ਰੁਪਿੰਦਰ ਰਾਣਾ, ਦਿਨੇਸ਼ ਡੁਮਰਾ, ਅਸ਼ੋਕ ਕੁਮਾਰ ਆਦਿ ਮੌਜੂਦ ਸਨ ।

Leave a comment