#INDIA

ਰਾਹੁਲ ਗਾਂਧੀ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤਿਆਰ

ਨਵੀਂ ਦਿੱਲੀ, 30 ਮਾਰਚ (ਪੰਜਾਬ ਮੇਲ)-ਸੂਤਰਾਂ ਨੇ ਦੱਸਿਆ ਕਿ ਮਾਣਹਾਨੀ ਦੇ ਕੇਸ ‘ਚ ਸੂਰਤ ਦੀ ਇਕ ਅਦਾਲਤ ਵੱਲੋਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾਉਣ ਅਤੇ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਪਟੀਸ਼ਨ ਤਿਆਰ ਹੈ ਅਤੇ ਜਲਦੀ ਹੀ ਇਸ ਪਟੀਸ਼ਨ ਨੂੰ ਸੈਸ਼ਨਜ਼ ਅਦਾਲਤ ਵਿਚ ਦਾਇਰ ਕੀਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਦੇ ਚੋਟੀ ਦੇ ਕਾਨੂੰਨੀ ਸਲਾਹਕਾਰ ਇਸ ਸਮੀਖਿਆ ਪਟੀਸ਼ਨ ‘ਤੇ ਕੰਮ ਕਰ ਰਹੇ ਹਨ। ਇਸ ਪਟੀਸ਼ਨ ਨੂੰ ਇਕ ਜਾਂ ਦੋ ਦਿਨਾਂ ‘ਚ ਸੂਰਤ ਦੀ ਸੈਸ਼ਨਜ਼ ਅਦਾਲਤ ਵਿਚ ਦਾਇਰ ਕੀਤਾ ਜਾਵੇਗਾ। ਮੋਦੀ ਉਪ ਨਾਂ ‘ਤੇ ਕੀਤੀ ਗਈ ਟਿੱਪਣੀ ‘ਤੇ 2019 ਦੇ ਮਾਣਹਾਨੀ ਦੇ ਮਾਮਲੇ ‘ਚ ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ, ਜਿਸ ਦੇ ਬਾਅਦ ਉਨ੍ਹਾਂ ਨੂੰ ਲੋਕ ਸਭਾ ‘ਚ ਸੰਸਦ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਸੀ। ਕਾਂਗਰਸ ਨੇ ਕਿਹਾ ਕਿ ਉਹ ਇਸ ਮੁੱਦੇ ‘ਤੇ ਦੋਵੇਂ ਸਿਆਸੀ ਅਤੇ ਕਾਨੂੰਨੀ ਤੌਰ ‘ਤੇ ਲੜੇਗੀ ਅਤੇ ਇਸ ਮੁੱਦੇ ਨੂੰ ਲੋਕਾਂ ‘ਚ ਲੈ ਕੇ ਜਾਵੇਗੀ।

Leave a comment