#OTHERS

ਰਾਹਤ ਸਮੱਗਰੀ ਲੈ ਕੇ 20 ਟਰੱਕ ਦੱਖਣੀ ਗਾਜ਼ਾ ‘ਚ ਦਾਖ਼ਲ

ਗਾਜ਼ਾ ਵਿੱਚ ਰਾਹਤ ਸਮੱਗਰੀ ਲੈ ਕੇ ਪਹੁੰਚਦਾ ਹੋਇਆ ਟਰੱਕ।
ਰਾਫਾਹ, 21 ਅਕਤੂਬਰ (ਪੰਜਾਬ ਮੇਲ)- ਮਿਸਰ ਨੇ ਗਾਜ਼ਾ ਨਾਲ ਲੱਗਦੀ ਆਪਣੀ ਸਰਹੱਦ ਅੱਜ ਖੋਲ੍ਹ ਦਿੱਤੀ ਹੈ, ਤਾਂ ਜੋ ਉਥੇ ਲੋਕਾਂ ਨੂੰ ਜ਼ਰੂਰੀ ਸਹਾਇਤਾ ਪਹੁੰਚਾਈ ਜਾ ਸਕੇ। ਰਾਹਤ ਸਮੱਗਰੀ ‘ਚ ਭੋਜਨ, ਪਾਣੀ ਅਤੇ ਦਵਾਈਆਂ ਸ਼ਾਮਲ ਹਨ, ਜੋ ਅਜੇ ਦੱਖਣੀ ਗਾਜ਼ਾ ‘ਚ ਪਹੁੰਚਾਈਆਂ ਜਾ ਰਹੀਆਂ ਹਨ। ਇਜ਼ਰਾਈਲ ਵੱਲੋਂ ਕੀਤੀ ਗਈ ਘੇਰਾਬੰਦੀ ਦਰਮਿਆਨ ਪਹਿਲੀ ਵਾਰ ਹੈ, ਜਦੋਂ ਗਾਜ਼ਾ ‘ਚ ਕੋਈ ਮਦਦ ਭੇਜਣੀ ਸ਼ੁਰੂ ਹੋਈ ਹੈ। ਮਿਸਰ ਤੋਂ ਗਾਜ਼ਾ ਲਈ ਜ਼ਰੂਰੀ ਵਸਤਾਂ ਨਾਲ ਭਰੇ 20 ਟਰੱਕ ਰਵਾਨਾ ਹੋਏ, ਜੋ ਰਾਫਾਹ ਅਤੇ ਖਾਨ ਯੂਨਿਸ ਜਾਣਗੇ। ਸਹਾਇਤਾ ਵਰਕਰਾਂ ਮੁਤਾਬਕ ਗਾਜ਼ਾ ਦੇ ਮਾਨਵੀ ਸੰਕਟ ਨੂੰ ਦੇਖਦਿਆਂ ਇਹ ਮਦਦ ਬਹੁਤ ਥੋੜ੍ਹੀ ਹੈ। ਉਂਜ ਪਿਛਲੇ ਕਈ ਦਿਨਾਂ ਤੋਂ 3 ਹਜ਼ਾਰ ਟਨ ਦੇ ਕਰੀਬ ਸਹਾਇਤਾ ਨਾਲ ਭਰੇ 200 ਤੋਂ ਜ਼ਿਆਦਾ ਟਰੱਕ ਸਰਹੱਦ ਨੇੜੇ ਖੜ੍ਹੇ ਹਨ। ਉਧਰ, ਹਮਾਸ ਵੱਲੋਂ 7 ਅਕਤੂਬਰ ਨੂੰ ਬੰਦੀ ਬਣਾਏ ਗਏ ਦੋ ਅਮਰੀਕੀ ਨਾਗਰਿਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਕਿ ਮਾਂ ਜੁਡਿਥ ਰਾਨਨ ਅਤੇ ਧੀ ਨਤਾਲੀ ਨੂੰ ਸਦਮੇ ‘ਚੋਂ ਕੱਢਣ ਲਈ ਉਨ੍ਹਾਂ ਦੀ ਸਰਕਾਰ ਪੂਰੀ ਸਹਾਇਤਾ ਦੇਵੇਗੀ।

Leave a comment