#AMERICA

ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦੀ ਪਹਿਲੀ ਪ੍ਰਾਇਮਰੀ ਬਹਿਸ ’ਚ ਟਕਰਾਏ ਹੇਲੀ ਅਤੇ ਰਾਮਾਸਵਾਮੀ

ਵਾਸ਼ਿੰਗਟਨ, 25 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ’ਚ ਸ਼ਾਮਲ ਭਾਰਤੀ-ਅਮਰੀਕੀ ਦਾਅਵੇਦਾਰ ਨਿੱਕੀ ਹੇਲੀ ਅਤੇ ਵਿਵੇਕ ਰਾਮਾਸਵਾਮੀ ਨੇ ਅਮਰੀਕਾ ਵਿੱਚ ਰਿਪਬਲਿਕਨ ਪਾਰਟੀ ਦੀ ਪਹਿਲੀ ਪ੍ਰਾਇਮਰੀ ਵਿੱਚ ਵਿਦੇਸ਼ ਨੀਤੀ ਦੇ ਮੁੱਦੇ ’ਤੇ ਬਹਿਸ ਕੀਤੀ। ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਹੇਲੀ ਨੇ ਆਪਣੇ ਵਿਰੋਧੀ ਅਤੇ ਉਦਯੋਗਪਤੀ ਰਾਮਾਸਵਾਮੀ ’ਤੇ ਵਿਦੇਸ਼ ਨੀਤੀ ਦਾ ਬਹੁਤ ਘੱਟ ਤਜ਼ਰਬਾ ਰੱਖਣ ਅਤੇ ਰੂਸ ਦਾ ਪੱਖ ਲੈਣ ਦਾ ਦੋਸ਼ ਲਗਾਇਆ। ਉੱਥੇ ਹੀ ਅਮਰੀਕੀ ਮੀਡੀਆ ਮੁਤਾਬਕ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਬਹਿਸ ’ਚ ਹਿੱਸਾ ਨਹੀਂ ਲਿਆ।
ਹੇਲੀ (51) ਅਤੇ ਰਾਮਾਸਵਾਮੀ (38) ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਵਿਦੇਸ਼ ਨੀਤੀ ਦੇ ਮੁੱਦਿਆਂ ਨੂੰ ਲੈ ਕੇ ਵਿਵਾਦਾਂ ’ਚ ਹਨ। ਮਿਲਵਾਕੀ, ਵਿਸਕਾਨਸਿਨ ’ਚ ਬੁੱਧਵਾਰ ਨੂੰ ਹੋਈ ਬਹਿਸ ਦੌਰਾਨ ਹੇਲੀ ਨੇ ਰਾਮਾਸਵਾਮੀ ’ਤੇ ਅਮਰੀਕਾ ਦੇ ਦੁਸ਼ਮਣਾਂ ਦਾ ਸਮਰਥਨ ਕਰਨ ਅਤੇ ਆਪਣੇ ਦੋਸਤਾਂ ਦਾ ਸਮਰਥਨ ਨਾ ਕਰਨ ਦਾ ਦੋਸ਼ ਲਗਾਇਆ। ਇਸ ਤੋਂ ਪਹਿਲਾਂ ਰਾਮਾਸਵਾਮੀ ਨੇ ਕਿਹਾ ਸੀ ਕਿ ਉਹ ਰੂਸ ਖ਼ਿਲਾਫ਼ ਜੰਗ ਵਿੱਚ ਯੂਕ੍ਰੇਨ ਦਾ ਸਮਰਥਨ ਨਹੀਂ ਕਰਨਗੇ।
ਸੰਯੁਕਤ ਰਾਸ਼ਟਰ ’ਚ ਅਮਰੀਕਾ ਦੀ ਸਾਬਕਾ ਰਾਜਦੂਤ ਹੇਲੀ ਨੇ ਰਾਮਾਸਵਾਮੀ ’ਤੇ ਉਨ੍ਹਾਂ ਦੇ ਨਾਲ ਖੜ੍ਹਨ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ‘ਕਾਤਲ’ ਰੂਸੀ ਰਾਸ਼ਟਰਪਤੀ ਦਾ ਸਮਰਥਨ ਕਰ ਰਹੇ ਹਨ ਅਤੇ ਜੇਕਰ ਉਹ ਰਾਸ਼ਟਰਪਤੀ ਬਣੇ ਤਾਂ ਅਮਰੀਕਾ ਅਸੁਰੱਖਿਅਤ ਹੋ ਜਾਵੇਗਾ। ਹੇਲੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਰੂਸ ਯੂਕ੍ਰੇਨ ’ਤੇ ਕਬਜ਼ਾ ਕਰ ਲਵੇ। ਉਹ ਚਾਹੁੰਦੇ ਹਨ ਕਿ ਚੀਨ ਤਾਇਵਾਨ ਨੂੰ ਆਪਣੇ ਨਾਲ ਜੋੜ ਲਵੇ।’’
ਉੱਥੇ ਹੀ ਰਾਮਾਸਵਾਮੀ ਨੇ ਕਿਹ ਕਿ ਉਹ ਜੰਗ ਪ੍ਰਭਾਵਿਤ ਯੂਕ੍ਰੇਨ ਨੂੰ ਹੋਰ ਜਿਆਦਾ ਸਹਾਇਤਾ ਦਿੱਤੇ ਜਾਣ ਦਾ ਸਮਰਥਨ ਨਹੀਂ ਕਰਨਗੇ। ਉਨ੍ਹਾਂ ਕਿਹਾ, ‘‘ਸਾਨੂੰ ਉਨ੍ਹਾਂ ਹੀ ਫੌਜੀ ਸਾਧਨਾਂ ਦੀ ਵਰਤੋਂ ਅਮਰੀਕਾ ’ਚ ਸਾਡੀ ਦੱਖਣੀ ਸਰਹੱਦ ’ਤੇ ਹਮਲੇ ਨੂੰ ਰੋਕਣ ਲਈ ਕਰਨੀ ਚਾਹੀਦੀ ਹੈ। ਅਮਰੀਕਾ ਲਈ ਯੂਕ੍ਰੇਨ ਪਹਿਲ ਨਹੀਂ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ਹੇਲੀ ਵੱਡੇ ਰੱਖਿਆ ਠੇਕੇਦਾਰਾਂ ਦੇ ਇਸ਼ਾਰੇ ’ਤੇ ਯੂਕ੍ਰੇਨ ਦਾ ਸਮਰਥਨ ਕਰ ਰਹੀ ਹੈ।

Leave a comment