#INDIA

ਰਾਜਸਥਾਨ ਚੋਣਾਂ : ਭਾਜਪਾ ਨੇ ਪੂਰਨ ਬਹੁਮਤ ਦਾ ਅੰਕੜਾ ਕੀਤਾ ਪਾਰ

ਰਾਜਸਥਾਨ, 3 ਦਸੰਬਰ (ਪੰਜਾਬ ਮੇਲ)-  ਰਾਜਸਥਾਨ ਵਿੱਚ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਚੋਣ ਕਮਿਸ਼ਨ ਅਨੁਸਾਰ 200 ਵਿੱਚੋਂ 199 ਸੀਟਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਦੁਪਹਿਰ 12 ਵਜੇ ਤੱਕ ਸਾਰੀਆਂ 199 ਸੀਟਾਂ ਲਈ ਸ਼ੁਰੂਆਤੀ ਰੁਝਾਨ ਸਾਹਮਣੇ ਆ ਗਏ ਸਨ।
ਚੋਣ ਕਮਿਸ਼ਨ ਮੁਤਾਬਕ ਭਾਜਪਾ 111 ਸੀਟਾਂ ‘ਤੇ ਅਤੇ ਕਾਂਗਰਸ 73 ਸੀਟਾਂ ‘ਤੇ ਅੱਗੇ ਹੈ, ਜਦਕਿ ਬਾਕੀ ਉਮੀਦਵਾਰ 15 ਸੀਟਾਂ ‘ਤੇ ਅੱਗੇ ਹਨ। ਹੁਣ ਤੱਕ ਭਾਜਪਾ ਨੇ 12, ਕਾਂਗਰਸ ਨੇ 3, ਭਾਰਤੀ ਆਦਿਵਾਸੀ ਪਾਰਟੀ ਨੇ ਇੱਕ ਅਤੇ ਹੋਰਾਂ ਨੇ ਇੱਕ ਸੀਟ ਜਿੱਤੀ ਹੈ। ਇਸ ਦੌਰਾਨ ਕਾਂਗਰਸ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ।
ਇਸ ਦੇ ਨਾਲ ਹੀ 7 ਸੀਟਾਂ ‘ਤੇ ਆਜ਼ਾਦ ਉਮੀਦਵਾਰ, ਦੋ ‘ਤੇ ਭਾਰਤ ਆਦਿਵਾਸੀ ਪਾਰਟੀ, ਤਿੰਨ ‘ਤੇ ਬਹੁਜਨ ਸਮਾਜ ਪਾਰਟੀ ਅਤੇ ਇਕ ਸੀਟ ‘ਤੇ ਰਾਸ਼ਟਰੀ ਲੋਕਤਾਂਤਰਿਕ ਪਾਰਟੀ ਅੱਗੇ ਚੱਲ ਰਹੇ ਹਨ। ਸੂਬੇ ਦੀਆਂ 200 ਵਿੱਚੋਂ 199 ਸੀਟਾਂ ਲਈ 25 ਨਵੰਬਰ ਨੂੰ ਵੋਟਿੰਗ ਹੋਈ ਸੀ। ਕਰਨਪੁਰ ਸੀਟ ‘ਤੇ ਕਾਂਗਰਸ ਉਮੀਦਵਾਰ ਦੀ ਮੌਤ ਕਾਰਨ ਚੋਣ ਮੁਲਤਵੀ ਕਰ ਦਿੱਤੀ ਗਈ ਹੈ।