#PUNJAB

ਰਮਿੰਦਰ ਵਾਲੀਆ, ਬਲਦੀਪ ਸੰਧੂ, ਡਾ. ਸਤਿੰਦਰ ਕਾਹਲੋਂ ਅਤੇ ਡਾ. ਅਰਵਿੰਦਰ ਢਿੱਲੋਂ ਸਨਮਾਨਤ ਹੋਏ

ਰੰਗ ਐੱਫਐਮ, ਪੰਜਾਬ ਸਾਹਿਤ ਅਕਾਦਮੀ ਲਈ ਮਾਸਕ ਪ੍ਰੋਗਰਾਮਾਂ ਵਿਚ ਵਾਧਾ ਕਰੇਗਾ : ਬਲਦੀਪ ਸੰਧੂ
ਚੰਡੀਗੜ੍ਹ, 18 ਅਪ੍ਰੈਲ (ਹਰਦੇਵ ਚੌਹਾਨ/ਪੰਜਾਬ ਮੇਲ)- ਪੰਜਾਬ ਸਾਹਿਤ ਅਕਾਦਮੀ ਕੋਰੋਨਾ ਕਾਲ ਵਿਚ 50 ਰੋਜ਼ਾਨਾ ਆਨਲਾਈਨ ਸਾਹਿਤਕ ਪ੍ਰੋਗਰਾਮ ਕਰਨ ਵਾਲੀ ਪੰਜਾਬ ਦੀ ਪਹਿਲੀ ਸੰਸਥਾ ਬਣ ਚੁਕੀ ਹੈ। ਵਰਚੁਅਲ ਦੌਰ ਵਿਚ ਵੀ ਪੰਜਾਬ ਸਾਹਿਤ ਅਕਾਦਮੀ ਨੇ ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਲਈ ਦੇਸਾਂ, ਵਿਦੇਸ਼ਾਂ ਵਿਚ ਸਾਹਿਤਕ ਪਸਾਰੇ ਦਾ ਕਾਰਜ ਕੀਤਾ ਤੇ ਗੰਭੀਰ ਸੰਵਾਦ ਰਚਾਇਆ।
ਕਲਾ ਭਵਨ ਦੇ ਵਿਹੜੇ ਵਿਚ ‘ਵਰਚੁਅਲ ਦੌਰ ਵਿਚ ਪੰਜਾਬ ਸਾਹਿਤ ਅਕਾਦਮੀ ਦੇ ਅਦਬੀ ਏਜੰਡੇ ਦਾ ਪ੍ਰਚਾਰ ਅਤੇ ਪ੍ਰਸਾਰ’ ਵਿਸ਼ੇ ‘ਤੇ ਚਾਨਣਾ ਪਾਉਂਦਿਆਂ ਪੰਜਾਬ ਸਾਹਿਤ ਅਕਾਦਮੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਦੱਸਿਆ ਕਿ ਅਕਾਦਮੀ ਵੱਲੋਂ ਮਾਇਕ ਤੰਗੀਆਂ, ਤੁਰਸ਼ੀਆਂ ਦੇ ਚਲਦਿਆਂ ਵੀ ਗੰਭੀਰ ਸੰਵਾਦ ਰਚਾਇਆ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ‘ਮਾਨ’ ਸਰਕਾਰ ਨੂੰ ਚਾਹੀਦਾ ਹੈ ਕਿ ਸਾਹਿਤ ਦੇ ਪਸਾਰੇ ਲਈ ਜੁੱਟੀਆਂ ਸੰਸਥਾਵਾਂ ਵਾਸਤੇ ਮਾਇਕ ਸਹਾਇਤਾ ਅਤੇ ਫੰਡਾਂ ਦੀ ਘਾਟ ਨਾ ਪੈਦਾ ਹੋਣ ਦਿਤੀ ਜਾਵੇ।
ਪ੍ਰੋਗਰਾਮ ਵਿਚ ਚਾਰ ਵਿਸ਼ੇਸ਼ ਮਹਿਮਾਨ ਰਮਿੰਦਰ ਵਾਲੀਆ (ਕੈਨੇਡਾ), ਬਲਦੀਪ ਸੰਧੂ, ਡਾ. ਸਤਿੰਦਰ ਕੌਰ ਕਾਹਲੋਂ ਅਤੇ ਡਾ. ਅਰਵਿੰਦਰ ਢਿੱਲੋਂ ਦੁਆਰਾ ਪੰਜਾਬ ਸਾਹਿਤ ਅਕਾਦਮੀ ਨਾਲ ਜੁੜਕੇ ਕੀਤੇ ਗਏ ਆਨਲਾਈਨ ਸਾਹਿਤਕ ਪ੍ਰੋਗਰਾਮਾਂ ਬਾਰੇ ਜਾਣ ਪਛਾਣ ਕਰਵਾਈ ਗਈ। ਉਹਨਾਂ ਕਿਹਾ ਕਿ ਇਹਨਾਂ ਪ੍ਰੋਗਰਾਮਾਂ ਰਾਹੀਂ ਸਾਹਿਤ ਦਾ ਪ੍ਰਚਾਰ ਅਤੇ ਪ੍ਰਸਾਰ ਤਾਂ ਹੋਇਆ ਹੀ, ਨਾਲ ਹੀ ਨਵੇਂ ਰਿਸ਼ਤੇ ਵੀ ਬਣੇ ਹਨ ।
ਪ੍ਰੋਗਰਾਮ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਪ੍ਰੋਗਰਾਮ ਦਾ ਪਿਛੋਕੜ ਦਸਦੇ ਹੋਏ ਕਿਹਾ ਕਿ ਕਰੋਨਾ ਕਾਲ ਵਿੱਚ ਅਸਧਾਰਨ ਗਤੀ ਨਾਲ ਅਸਧਾਰਨ ਵਰਤਾਰੇ ਵਾਪਰੇ। ਲੋਕ ਘਰਾਂ ਵਿੱਚ ਕੈਦ ਹੋ ਗਏ ਸੀ। ਅਜਿਹੇ ਅਸੁਰੱਖਿਅਤ ਮਾਹੌਲ ਵਿਚੋਂ ਬਾਹਰ ਕੱਢਣ ਲਈ ਪੰਜਾਬ ਸਾਹਿਤ ਅਕਾਦਮੀ ਨੇ ‘ ਸੰਕਟ ਕਾਲ ਤੇ ਅਸੀਂ ‘ ਆਨਲਾਈਨ ਲੜੀ ਸ਼ੁਰੂ ਕੀਤੀ ਸੀ ਜਿਸ ਨੇ ਲਗਾਤਾਰ 50 ਦਿਨ 50 ਅਦਬੀ ਪ੍ਰੋਗਰਾਮ ਕਰਕੇ ਇਕ ਇਤਿਹਾਸ ਸਿਰਜਿਆ।
ਵਿਸ਼ੇਸ਼ ਮਹਿਮਾਨ ਰਮਿੰਦਰ ਵਾਲੀਆ ਨੇ ਕੈਨੇਡਾ ਵਿਚ ਰਹਿੰਦਿਆਂ ਸਾਹਿਤ ਨਾਲ ਜੁੜਨ, ਵਿਸ਼ਵ ਪੰਜਾਬੀ ਕਾਨਫਰੰਸ ਕਰਾਉਣ ਵਾਲੀ ਸੰਸਥਾ ਨਾਲ ਜੁੜਨ ਅਤੇ ਪੰਜਾਬ ਸਾਹਿਤ ਅਕਾਦਮੀ ਨਾਲ ਜੁੜ ਕੇ ‘ਅੰਤਰਰਾਸ਼ਟਰੀ ਸਾਹਿਤਕ ਸਾਂਝਾ’ ਸੰਸਥਾ ਵੱਲੋਂ ਹਫਤਾਵਾਰੀ ਅਤੇ ਮਹੀਨਾਵਾਰੀ ਪ੍ਰੋਗਰਾਮ ਸ਼ੁਰੂ ਕਰਨ ਦੇ ਸਫ਼ਰ ਤੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਇਸ ਵਰਚੁਅਲ ਸੰਸਾਰ ਨੇ ਮੇਰੇ ਵਰਗੀ ਸਾਧਾਰਨ ਔਰਤ ਨੂੰ ਸ਼ਾਇਰ ਬਣਾਇਆ।
ਦੂਜੀ ਵਿਸ਼ੇਸ਼ ਮਹਿਮਾਨ ਬਲਦੀਪ ਸੰਧੂ ਨੇ ਸਰਬਜੀਤ ਕੌਰ ਸੋਹਲ ਨਾਲ ਆਪਣੇ ਨਿੱਜੀ ਸਬੰਧਾਂ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਮੇਰੀ ਖੁਸ਼ਨਸੀਬੀ ਹੈ ਕਿ ਮੈਂ ਰੰਗ ਐੱਫ ਐੱਮ ਦੇ ਪਲੇਟਫਾਰਮ ਤੋਂ ਪੰਜਾਬ ਸਾਹਿਤ ਅਕਾਦਮੀ ਲਈ ਹਫ਼ਤੇ ਦੇ ਤਿੰਨ, ਤਿੰਨ ਪ੍ਰੋਗਰਾਮ ਕਰ ਸਕੀ ਹਾਂ ਤੇ ਆਉਣ ਵਾਲੇ ਸਮੇਂ ਵਿਚ ਆਪਣੀ ਸਾਹਿਤ ਅਕਾਦਮੀ ਲਈ ਮਹੀਨੇ ਵਿੱਚ ਸੋਲਾਂ, ਸੋਲਾਂ ਪ੍ਰੋਗਰਾਮ ਕਰਵਾਉਣ ਦਾ ਟੀਚਾ ਮਿਥਿਆ ਹੈ। ਉਹਨਾਂ ਕਿਹਾ ਕਿ ਮੇਰੇ ਲਈ ਨਾ ਪੈਸਾ ਕਮਾਉਣ ਦਾ ਕੋਈ ਮਹੱਤਵ ਹੈ ਤੇ ਨਾ ਕਵਿਤਾਵਾਂ ਛਪਵਾਉਣ ਦਾ, ਪਰ ਹਰ ਸੋਹਣਾ ਲਿਖਣ ਵਾਲਾ ਲਿਖਾਰੀ ਲੋਕਾਂ ਤਕ ਪਹੁੰਚੇ, ਇਹ ਮੇਰਾ ਮਕਸਦ ਹੈ।
ਡਾ. ਸਤਿੰਦਰ ਕੌਰ ਕਾਹਲੋਂ ਨੇ ਕਿਹਾ ਕਿ ਉਸ ਲਈ ਰੰਗ ਐੱਫ ਐੱਮ ਤੇ ਪੰਜਾਬ ਸਾਹਿਤ ਅਕਾਦਮੀ ਲਹਿੰਦੇ ਪੰਜਾਬ ਵਿੱਚ ਵਸਦੇ ਮੇਰੇ ਗਰਾਈਆਂ ਨੂੰ ਮਿਲਾਉਣ ਦਾ ਵਸੀਲਾ ਬਣੇ ਹਨ। ਉਸ ਨੇ ਕਿਹਾ ਕਿ ਕਲਮਾਂ ਦੇ ਰੂਬਰੂ ਪ੍ਰੋਗਰਾਮ ਰਾਹੀਂ ਉਸ ਨੇ ਬਹੁਤ ਕੁਝ ਖ਼ੁਦ ਵੀ ਸਿੱਖਿਆ।
ਡਾ. ਅਰਵਿੰਦਰ ਢਿੱਲੋਂ ਨੇ ਅਕਾਦਮੀ ਦੁਆਰਾ ਆਨਲਾਈਨ ਕਰਵਾਏ 50 ਯਾਦਗਾਰੀ ਪ੍ਰੋਗਰਾਮ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹਨਾਂ ਪ੍ਰੋਗਰਾਮਾਂ ਨੂੰ ਸਦਾ ਚੇਤੇ ਰੱਖਿਆ ਜਾਵੇਗਾ।
ਉਹਨਾਂ ਕਿਹਾ ਕਿ ਮੈਂ ਅੱਲਗ, ਅੱਲਗ ਦੇਸ਼ਾਂ ਦੀ ਪੰਜਾਬੀ ਸ਼ਾਇਰੀ ਤੇ ਕਈ ਪ੍ਰੋਗਰਾਮ ਕੀਤੇ। ਅਖੀਰ ਤੇ ਰਮਿੰਦਰ ਵਾਲੀਆ, ਦੀਪ ਸੰਧੂ, ਸਤਿੰਦਰ ਕਾਹਲੋਂ ਅਰਵਿੰਦਰ ਢਿੱਲੋਂ ਅਤੇ ਕੁਲਦੀਪ ਸਿੰਘ ਦੀਪ ਦਾ ਫੁਲਕਾਰੀ ਅਤੇ ਸਨਮਾਨ ਪੱਤਰ ਨਾਲ ਸਨਮਾਨ ਕੀਤਾ ਗਿਆ। ਅਕਾਦਮੀ ਦੇ ਸਰਗਰਮ ਮੈਂਬਰ ਬਲਕਾਰ ਸਿੱਧੂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਵਿਚ ਹਰਜਾਪ ਸਿੰਘ ਔਜਲਾ, ਪ੍ਰੋ. ਅਮਰਜੀਤ ਸਿੰਘ, ਪ੍ਰੀਤਮ ਸਿੰਘ ਰੁਪਾਲ, ਪ੍ਰੋ ਬਲਵਿੰਦਰ ਸਿੰਘ, ਸਤੀਸ਼ ਵਿਦ੍ਰੋਹੀ, ਸ਼ਾਇਰ ਵਿਸ਼ਾਲ, ਬਾਲ ਲੇਖਕ ਹਰਦੇਵ ਚੌਹਾਨ, ਦੀਪਕ ਚਨਾਰਥਲ, ਅੰਜੂ ਗਰੋਵਰ, ਸਰਦਾਰਾ ਸਿੰਘ ਚੀਮਾ, ਸ਼ਾਇਰ ਪਰਵਾਜ਼, ਸਤਨਾਮ ਚੌਹਾਨ ਅਤੇ ਨਗੇਸ਼ ਵੀ ਸ਼ਾਮਿਲ ਹੋਏ।

 

Leave a comment