#PUNJAB

‘ਰਕੋਸਾ’ ਵੱਲੋਂ ‘ਐਲੁਮਨੀ ਮੀਟ’ ‘ਚ ਆਪਣੇ ਪੱਥ-ਪ੍ਰਦਸ਼ਕ ਪ੍ਰੋ. ਰਣਜੀਤ ਸਿੰਘ ਤੇ ਪ੍ਰੋ. ਬਰਿਜ ਮੋਹਨ ਕਪਲਿਸ਼ ਸਨਮਾਨਤ

ਫਗਵਾੜਾ, 13 ਫਰਵਰੀ (ਪੰਜਾਬ ਮੇਲ)- ਰਾਮਗੜ੍ਹੀਆ ਕਾਲਜ ਓਲਡ ਸਟੂਡੈਂਟਸ ਐਸੋਸੀਏਸ਼ਨ (ਰਕੋਸਾ) ਫਗਵਾੜਾ ਦੀ ਪਲੇਠੀ ‘ਐਲੁਮਨੀ ਮੀਟ’ ਇਕ ਸਥਾਨਕ ਹੋਟਲ ਵਿਚ ਹੋਈ। ਇਸ ਜਨਰਲ ਬਾਡੀ ਮੀਟਿੰਗ ਦੀ ਪ੍ਰਧਾਨਗੀ ਐੱਸ.ਪੀ. ਸੇਠੀ (ਫਾਈਨ ਸਵਿਚਜ਼) ਨੇ ਕੀਤੀ।
ਇਸ ਦੌਰਾਨ ਇਕ ਪ੍ਰਭਾਵਸ਼ਾਲੀ ਸਮਾਗਮ ‘ਚ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਪੱਥ-ਪ੍ਰਦਸ਼ਕਾਂ 93 ਸਾਲਾ ਸੇਵਾਮੁਕਤ ਅੰਗਰੇਜ਼ੀ ਦੇ ਪ੍ਰੋਫੈਸਰ ਅਤੇ ਕਾਲਜ ਦੇ ਸਾਬਕਾ ਪ੍ਰਿੰਸੀਪਲ ਸ. ਰਣਜੀਤ ਸਿੰਘ ਅਤੇ 84 ਸਾਲਾ ਸੇਵਾਮੁਕਤ ਗਣਿਤ ਦੇ ਪ੍ਰੋਫੈਸਰ ਸ਼੍ਰੀ ਬਰਿਜ ਮੋਹਨ ਕਪਲਿਸ਼ ਦਾ ਸ਼ੁਕਰੀਆ ਅਦਾ ਕਰਨ ਹਿਤ ਉਨ੍ਹਾਂ ਨੂੰ ਸਨਮਾਨਤ ਕੀਤਾ।
ਇਹ ਜਾਣਕਾਰੀ ਦਿੰਦਿਆਂ ‘ਰਕੋਸਾ’ ਦੇ ਜਨਰਲ ਸਕਤਰ ਸ. ਸਰਬਜੀਤ ਸਿੰਘ ਭੱਟੀ, ਸੇਵਾ ਮੁਕਤ, ਐੱਸ.ਐੱਸ.ਪੀ. (ਆਈ.ਬੀ.) ਨੇ ਦੱਸਿਆ ਕਿ ਸਨਮਾਨ ਵਜੋਂ ਦੋਨਾਂ ਵਿਦਿਅਕ ਹਸਤੀਆਂ ਨੂੰ ਮਮੈਂਟੋ, ਸ਼ਾਲ ਅਤੇ ਫੁਲਾਂ ਦੇ ਗੁਲਦਸਤੇ ਭੇਟ ਕੀਤੇ ਗਏ।
ਇਸ ਮੌਕੇ ਪ੍ਰੋ. ਰਣਜੀਤ ਸਿੰਘ ਬਾਰੇ ਜਾਣਕਾਰੀ ਪ੍ਰੋ. ਜਸਵੰਤ ਸਿੰਘ ਗੰਡਮ ਅਤੇ ਪ੍ਰੋ. ਬਰਿਜ ਮੋਹਨ ਕਪਲਿਸ਼ ਬਾਰੇ ਜਾਣਕਾਰੀ ਪ੍ਰੋ. ਅਸ਼ੋਕ ਚੱਢਾ ਨੇ ਦਿੱਤੀ।

‘ਰਕੋਸਾ’ ਦੇ ਸੰਵਿਧਾਨ ਨੂੰ ਰਿਲੀਜ਼ ਕੀਤੇ ਜਾਣ ਦੀ ਫੋਟੋ।

ਪ੍ਰੋ. ਰਣਜੀਤ ਸਿੰਘ ਨੇ ਆਪਣੇ ਪੁਰਾਣੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਹਰ ਅਵਸਥਾ ਵਿਚ ‘ਨੌਜਵਾਨ’ ਰਹਿਣ ਅਤੇ ਮੁਹਬਤ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਰਾਮਗੜ੍ਹੀਆ ਸੰਸਥਾਵਾਂ ਦੇ ਬਾਨੀ ਪ੍ਰਧਾਨ ਸ. ਮੋਹਨ ਸਿੰਘ ਹਦੀਆਬਾਦੀ ਦੀ ਦੂਰ-ਦ੍ਰਿਸ਼ਟੀ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਸਮਾਗਮ ਵਿਚ ਸ. ਮੋਹਨ ਸਿੰਘ ਹਦੀਆਬਾਦੀ ਅਤੇ ਸ. ਮੇਲਾ ਸਿੰਘ ਭੋਗਲ ਸਮੇਤ ਰਾਮਗੜ੍ਹੀਆ ਵਿਦਿਅਕ ਕੌਂਸਲ ਦੇ ਸਾਬਕਾ ਪ੍ਰਧਾਨਾਂ ਨੂੰ ਸ਼ਰਧਾਂਜਲੀ ਦਿਤੀ ਗਈ।
ਸਮਾਗਮ ਵਿਚ ‘ਰਕੋਸਾ’ ਦੇ ਸੰਵਿਧਾਨ ਨੂੰ ਵੀ ਰਿਲੀਜ਼ ਕੀਤਾ ਗਿਆ। ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਸ. ਬਲਬੀਰ ਸਿੰਘ ਸੂਦਨ, ਸਾਬਕਾ ਗ੍ਰਹਿ ਸਕੱਤਰ, ਪੰਜਾਬ ਵਲੋਂ ਤਿਆਰ ਕੀਤੇ ਗਏ ਸੰਵਿਧਾਨ ਨੂੰ ਪੰਜਾਬ ਦੇ ਸਾਬਕਾ ਵਧੀਕ ਮੁੱਖ ਸਕਤਰ ਆਰ.ਪੀ.ਐੱਸ. ਪਵਾਰ (ਸੇਵਾਮੁਕਤ ਆਈ.ਏ.ਐੱਸ.) ਨੇ ਰਿਲੀਜ਼ ਕੀਤਾ।
ਬਲਬੀਰ ਸੂਦਨ ਨੇ ਸੰਸਥਾ ਦੇ ਮਨੋਰਥ ਅਤੇ ਭਵਿੱਖੀ ਕਾਰਜਾਂ ਉਪਰ ਚਾਨਣਾ ਪਾਇਆ। ਸਮਾਗਮ ਨੂੰ ਉਘੇ ਸਮਾਜ ਸੇਵੀ ਅਤੇ ਉਦਯੋਗਪਤੀ ਸ਼੍ਰੀ ਕੇ.ਕੇ. ਸਰਦਾਨਾਂ, ਐੱਮ.ਡੀ. ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਲਿਮਿਟਡ ਨੇ ਵੀ ਸੰਬੋਧਨ ਕੀਤਾ।
ਪ੍ਰਧਾਨ ਐੱਸ.ਪੀ. ਸੇਠੀ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਪ੍ਰੋ. ਜਸਵੰਤ ਸਿੰਘ ਗੰਡਮ ਨੇ ਸਭ ਦਾ ਧੰਨਵਾਦ ਕੀਤਾ।
ਸਥਾਨਕ ਅਤੇ ਵਿਦੇਸ਼ਾਂ ਵਿਚ ਵਸਦੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ, ਜਿਨ੍ਹਾਂ ਨੇ ਆਪਣੇ-ਆਪਣੇ ਖੇਤਰ ਵਿਚ ਮੱਲ੍ਹਾਂ ਮਾਰੀਆਂ ਹਨ, ਨੂੰ ਵੀ ਸਨਮਾਨਤ ਕੀਤਾ ਗਿਆ। ਇਨ੍ਹਾਂ ਵਿਚ ਸਰਬ ਸ਼੍ਰੀ ਆਰ.ਪੀ.ਐੱਸ. ਪਵਾਰ, ਬਲਬੀਰ ਸਿੰਘ ਸੂਦਨ ਅਤੇ ਸਰਬਜੀਤ ਸਿੰਘ ਭੱਟੀ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੰਤਰੀ ਸਰਵਣ ਸਿੰਘ ਫਿਲ਼ੌਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਦੇ ਉਪ-ਕੁਲਪਤੀ ਡਾ. ਧਰਮਜੀਤ ਸਿੰਘ, ਸੇਵਾਮੁਕਤ ਆਈ.ਪੀ.ਐੱਸ. ਅਧਿਕਾਰੀ ਐੱਸ.ਆਰ. ਦਾਰਾਪੁਰੀ, ਪੰਜਾਬੀ ਲੇਖਕ ਪ੍ਰੋ. ਜਸਵੰਤ ਸਿੰਘ ਗੰਢਮ, ਪ੍ਰੋ. ਅਸ਼ੋਕ ਚੱਢਾ ਅਤੇ ਜਗਦੀਸ਼ ਮਹੇ ਸ਼ਾਮਲ ਹਨ।
ਐੱਨ.ਆਰ.ਆਈ. ਨਰਿੰਦਰਜੀਤ ਸਿੰਘ ਦੇਹਲ (ਵੈਨਕੂਵਰ, ਕੈਨੇਡਾ), ਜਿਨ੍ਹਾਂ ਨੇ ‘ਰਕੋਸਾ’ ਨੂੰ ਇਕ ਲੱਖ ਰੁਪਿਆ ਭੇਜਿਆ, ਦਾ ਸਨਮਾਨ ਚਿੰਨ੍ਹ ਪ੍ਰੋ. ਅਸ਼ੋਕ ਚੱਢਾ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੋਰ ਐੱਨ.ਆਰ.ਆਈਜ਼ ਹਰਿੰਦਰਜੀਤ ਸਿੰਘ ਤੱਖੜ, ਵਿਨੋਦ ਓਹਰੀ ਅਤੇ ਯਸ਼ਪਾਲ ਸ਼ਰਮਾ (ਟੋਰਾਂਟੋ, ਕੈਨੇਡਾ) ਦੇ ਸਨਮਾਨ ਚਿੰਨ੍ਹ ਕ੍ਰਮਵਾਰ ਸਰਬਜੀਤ ਸਿੰਘ ਭੱਟੀ ਅਤੇ ਪ੍ਰੋ. ਚੱਢਾ ਨੇ ਪ੍ਰਾਪਤ ਕੀਤੇ।
ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੀ ਚੇਅਰਪਰਸਨ ਸ਼੍ਰੀਮਤੀ ਮਨਪ੍ਰੀਤ ਕੌਰ ਭੋਗਲ, ਜੋ ਕੁਝ ਕਾਰਨਾਂ ਕਰਕੇ ਸਮਾਗਮ ਵਿਚ ਨਹੀਂ ਆ ਸਕੇ, ਦਾ ਸਨਮਾਨ ਸ਼੍ਰੀ ਪਰੇਮ ਪਾਲ ਪੱਬੀ ਨੇ ਪ੍ਰਾਪਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਮਨਜੀਤ ਸਿੰਘ ਨੂੰ ਵੀ ਸਨਮਾਨਤ ਕੀਤਾ ਗਿਆ।
ਸ. ਗਿਆਨ ਸਿੰਘ, ਸ਼੍ਰੀ ਦਲਵਿੰਦਰ ਜੱਸਲ, ਸ. ਸਰਬਜੀਤ ਸਿੰਘ ਭੱਟੀ ਅਤੇ ਸ਼੍ਰੀ ਸਰਵਣ ਕਟਾਰੀਆ ਨੇ ਗੀਤ ਗਾ ਕੇ ਸਮਾਂ ਬੰਨ੍ਹ ਦਿੱਤਾ। ਕਈਆਂ ਨੇ ਭੰਗੜਾ ਵੀ ਪਾਇਆ ਅਤੇ ਕੁਝ ਨੇ ਆਪਣੇ ਜਵਾਨੀ ਵੇਲੇ ਦੇ ਪਿਆਰ ਦੇ ਕਿਸੇ ਵੀ ਸੁਣਾਏ। ਸ਼ੇਅਰੋ-ਸ਼ਾਇਰੀ ਵੀ ਖੂਬ ਹੋਈ।
ਸਮਾਗਮ ਸਭ ਨੂੰ ਬੀਤੇ ਦੇ ਸੁਹਾਣੇ ਸਫਰ ‘ਤੇ ਲੈ ਗਿਆ। ਸਤਰਾਂ ਨੂੰ ਪਾਰ ਕਰ ਚੁੱਕੇ ਜਾਂ ਸੱਤਰਾਂ ਨੂੰ ਢੁਕੇ ਪੁਰਾਣੇ ਵਿਦਿਆਰਥੀ ਇਕ ਵੇਰਾਂ ਤਾਂ ਆਪਣੀ ਭਰ ਜਵਾਨੀ ਦੀ ਰੰਗਲੀ ਸਵੇਰ ਦੇ ਸੁਪਨਮਈ ਸੰਸਾਰ ਦੀ ਸੈਰ ‘ਤੇ ਨਿਕਲ ਪਏ!
ਹੋਰਨਾਂ ਤੋਂ ਇਲਾਵਾ ਸਮਾਗਮ ਵਿਚ ਪੰਜਾਬ ਦੇ ਸਾਬਕਾ ਵਧੀਕ ਕਮਿਸ਼ਨਰ ਐਕਸਾਈਜ਼ ਐਂਡ ਟੈਕਸੇਸ਼ਨ ਸੀ.ਆਰ.ਦਰਭੰਗਾ, ਫਗਵਾੜਾ ਨਗਰ ਸੁਧਾਰ ਟਰੱਸਟ ਦੇ ਚੈਅਰਮੈਨ ਕਸ਼ਮੀਰ ਸਿੰਘ ਮਲ਼੍ਹੀ, ਸੇਵਾਮੁਕਤ ਕਰਨਲ ਵਰਿੰਦਰ ਮੋਹਨ ਜੋਨੇਜਾ, ਸਮਾਜ ਸੇਵੀ ਇੰਦਰਪਾਲ ਖੁਰਾਨਾ, ਸਾਬਕਾ ਰਾਸ਼ਟਰੀ ਕੁਸ਼ਤੀ ਕੋਚ ਪੀ.ਆਰ. ਸੋਂਧੀ, ਪ੍ਰੋ. ਸੀਤਲ ਸਿੰਘ, ਗੁਰਦਿਆਲ ਸਿੰਘ, ਡਾ. ਸੁਰਿੰਦਰ ਸੁਮਨ, ਰਾਮ ਲੁਭਾਇਆ, ਮਲਕੀਤ ਸਿੰਘ ਰਘਬੋਤਰਾ, ਅਵਤਾਰ ਸਿੰਘ ਪਾਬਲਾ, ਮੁਖਿੰਦਰ ਸਿੰਘ ਵੀ ਸ਼ਾਮਲ ਸਨ।
ਮੰਚ ਸੰਚਾਲਨ ਸਰਬਜੀਤ ਭੱਟੀ ਅਤੇ ਪ੍ਰੋ. ਜਸਵੰਤ ਗੰਡਮ ਨੇ ਬਾਖੂਬੀ ਕੀਤਾ। ਭੱਟੀ ਨੇ ਸੁਖਵਿੰਦਰ ਅਮ੍ਰਿਤ ਦੀ ਗਜ਼ਲ ਗਾ ਕੇ ਬੜੀ ਵਾਹਵਾ ਖੱਟੀ।

Leave a comment