#Featured

ਯੂ.ਕੇ. ਸਰਕਾਰ ਵੱਲੋਂ ਵੀਜ਼ਾ ਫੀਸਾਂ ‘ਚ ਵਾਧਾ

ਲੰਡਨ, 20 ਸਤੰਬਰ (ਪੰਜਾਬ ਮੇਲ)- ਆਰਥਿਕ ਸੰਕਟ ਨਾਲ ਜੂਝ ਰਹੀ ਯੂ.ਕੇ. ਦੀ ਰਿਸ਼ੀ ਸੁਨਕ ਸਰਕਾਰ ਨੇ ਪੈਸਾ ਹਾਸਲ ਕਰਨ ਲਈ ਵੀਜ਼ਾ ਫੀਸ ‘ਚ 15 ਤੋਂ ਲੈ ਕੇ 20 ਫੀਸਦੀ ਤੱਕ ਦਾ ਵਾਧਾ ਕਰ ਦਿੱਤਾ ਹੈ। ਇਸ ਵਾਧੇ ਨਾਲ ਯੂ.ਕੇ. ਦੀ ਸਰਕਾਰ ਨੂੰ 1 ਬਿਲੀਅਨ ਪੌਂਡ ਦਾ ਮਾਲੀਆ ਆਵੇਗਾ ਪਰ 4 ਅਕਤੂਬਰ ਦੇ ਬਾਅਦ ਯੂ.ਕੇ. ਜਾਣ ਦੇ ਚਾਹਵਾਨ ਲੋਕਾਂ ‘ਤੇ ਬੋਝ ਵਧਾਇਆ ਜਾ ਰਿਹਾ ਹੈ। ਜੇਕਰ ਤੁਸੀਂ ਵਿਜ਼ਟਰ ਵੀਜ਼ਾ, ਸਟੱਡੀ ਵੀਜ਼ਾ, ਸਕਿੱਲਡ ਵਰਕਰ ਵੀਜ਼ਾ ਜਾਂ ਲਾਂਗ ਟਰਮ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ 4 ਅਕਤੂਬਰ ਦੇ ਬਾਅਦ ਇਸ ਦੇ ਲਈ ਵੱਧ ਪੈਸੇ ਦੇਣੇ ਪੈਣਗੇ।
ਦਰਅਸਲ ਰੇਟਿੰਗ ਏਜੰਸੀ ਗੋਲਡਨਮੈਨ ਸੈਕ ਅਤੇ ਜੇ.ਪੀ. ਮੋਗਰਨ ਨੇ ਹਾਲ ਹੀ ‘ਚ ਆਈ ਆਪਣੀ ਰਿਪੋਰਟ ‘ਚ ਇਹ ਕਿਹਾ ਹੈ ਕਿ ਜੁਲਾਈ ਦੇ ਮਹੀਨੇ ਦੇ ਦੌਰਾਨ ਯੂ.ਕੇ. ਦੀ ਅਰਥ ਵਿਵਸਥਾ ‘ਚ ਤੇਜ਼ ਗਿਰਾਵਟ ਆਈ ਹੈ। ਦੋਵੇਂ ਰੇਟਿੰਗ ਏਜੰਸੀਆਂ ਨੇ ਯੂ.ਕੇ. ਦੀ ਜੀ.ਡੀ.ਪੀ. ‘ਚ 20 ਬੇਸਿਕ ਪੁਆਇੰਟ ਦੀ ਕਮੀ ਆਉਣ ਦਾ ਖਦਸ਼ਾ ਪ੍ਰਗਟਾਇਆ ਹੈ। ਜੇ.ਪੀ. ਮੋਰਗਨ ਦੇ ਮੁਤਾਬਿਕ ਯੂ.ਕੇ. ਦੀ ਜੀ.ਡੀ.ਪੀ. 0.4 ਫੀਸਦੀ ਰਹਿ ਸਕਦੀ ਹੈ, ਜਦਕਿ ਗੋਲਡਨਮੈਨ ਸੈਕ ਦਾ ਅੰਦਾਜ਼ਾ ਹੈ ਕਿ ਯੂ.ਕੇ. ਦੀ ਜੀ.ਡੀ.ਪੀ. 03 ਫੀਸਦੀ ਰਹੇਗੀ। ਹਾਲਾਂਕਿ ਜੀ.ਡੀ.ਪੀ. ਨੂੰ ਲੈ ਕੇ ਬੈਂਕ ਆਫ ਇੰਗਲੈਂਡ ਦਾ ਅੰਦਾਜ਼ਾ ਇਸ ਮਹੀਨੇ ਆਵੇਗਾ ਪਰ ਯੂ.ਕੇ. ਦੇ ਕੇਂਦਰੀ ਬੈਂਕ ਦੀ ਬੈਠਕ ਤੋਂ ਪਹਿਲਾਂ ਹੀ ਦੋਵਾਂ ਏਜੰਸੀਆਂ ਦੀ ਰੇਟਿੰਗ ਨੇ ਯੂ.ਕੇ. ‘ਚ ਅਰਥ ਵਿਵਸਥਾ ਦਾ ਸੰਕਟ ਡੂੰਘਾ ਹੋਣ ਦੇ ਸੰਕੇਤ ਦਿੱਤੇ ਗਏ ਹਨ। ਅਰਥ ਵਿਵਸਥਾ ਦਾ ਸੰਕਟ ਡੂੰਘਾ ਹੋਣ ਦਾ ਮਤਲਬ ਹੈ ਕਿ ਰਿਸ਼ੀ ਸੁਨਕ ਸਰਕਾਰ ਦੇ ਕੋਲ ਟੈਕਸਪੇਅਰ ਦਾ ਪੈਸਾ ਘੱਟ ਆਵੇਗਾ ਅਤੇ ਸਰਕਾਰੀ ਯੋਜਨਾਵਾਂ ‘ਤੇ ਪੈਸਾ ਖਰਚ ਕਰਨ ਲਈ ਇਸਦਾ ਬੋਝ ਹੁਣ ਘੁੰਮਣ-ਫਿਰਨ ਅਤੇ ਪੜ੍ਹਨ ਲਈ ਯੂ.ਕੇ. ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ‘ਤੇ ਪਾਇਆ ਜਾਵੇਗਾ।
ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ 10 ਸਾਲ ਦੇ ਵਿਜ਼ਟਰ ਵੀਜ਼ੇ ਲਈ ਵੀ ਸਾਧਾਰਨ ਫੀਸ ਹੀ ਲੈਂਦੇ ਹਨ। ਕੈਨੇਡਾ ਦੀ ਵੀਜ਼ਾ ਫੀਸ 100 ਡਾਲਰ ਹੈ, ਜਦਕਿ ਅਮਰੀਕਾ ਦੀ ਵੀਜ਼ਾ ਫੀਸ 185 ਡਾਲਰ ਹੈ। ਪਰ ਜੇਕਰ ਤੁਸੀਂ ਯੂ.ਕੇ. ਦਾ 10 ਸਾਲ ਦਾ ਵੀਜ਼ਾ ਅਪਲਾਈ ਕਰਨਾ ਹੈ, ਤਾਂ ਇਸ ਲਈ ਤੁਹਾਨੂੰ ਲਗਭਗ 1 ਲੱਖ ਰੁਪਏ ਅਦਾ ਕਰਨੇ ਪੈਣਗੇ। ਇਹ ਫੀਸ ਬ੍ਰਿਟਿਸ਼ ਪੌਂਡ ਦੇ ਹਿਸਾਬ ਨਾਲ ਕਰੀਬ 1000 ਪੌਂਡ ਬਣਦੀ ਹੈ ਅਤੇ ਜੇਕਰ ਤੁਹਾਡੀ ਵੀਜ਼ਾ ਐਪਲੀਕੇਸ਼ਨ ਰੱਦ ਹੋ ਜਾਂਦੀ ਹੈ, ਤਾਂ ਯੂ.ਕੇ. ਦੀ ਐਂਬੇਸੀ ਇਸ ਵੀਜ਼ਾ ਫੀਸ ਦਾ ਕੋਈ ਰਿਫੰਡ ਵੀ ਨਹੀਂ ਕਰਦੀ। ਯੂ.ਕੇ. ਹਰ ਸਾਲ ਇਸ ਤਰ੍ਹਾਂ ਦੀਆਂ ਹਜ਼ਾਰਾਂ ਐਪਲੀਕੇਸ਼ਨਾਂ ਰਿਫਿਊਜ਼ ਕਰਦਾ ਹੈ ਅਤੇ ਇਸ ਤਰ੍ਹਾਂ ਦੀ ਐਪਲੀਕੇਸ਼ਨਾਂ ਤੋਂ ਵਿਦੇਸ਼ੀ ਨਾਗਰਿਕਾਂ ਤੋਂ ਮੋਟੀ ਕਮਾਈ ਕਰ ਰਿਹਾ ਹੈ। ਯੂ.ਕੇ. ਦੇ ਗੁਆਂਢੀ ਮੁਲਕ ਫਰਾਂਸ ‘ਚ ਵੀਜ਼ਾ ਫੀਸ 40 ਯੂਰੋ ਹੈ, ਜਦਕਿ ਜਰਮਨੀ ਵੀਜ਼ਾ ਫੀਸ ਦੇ ਰੂਪ ‘ਚ 80 ਯੂਰੋ ਵਸੂਲਦਾ ਹੈ। ਇਸ ਲਿਹਾਜ਼ ਨਾਲ ਯੂ.ਕੇ. ਦੀ ਵੀਜ਼ਾ ਫੀਸ ਯੂਰਪੀ ਦੇਸ਼ਾਂ ‘ਚ ਵੱਧ ਹੈ।

Leave a comment