#Featured

ਯੂ.ਕੇ. ਨਿਵਾਸੀ ਸਰਬਜੀਤ ਸਿੰਘ ਦਿੱਲੀ ਹਵਾਈ ਅੱਡੇ ਪਹੁੰਚਣ ‘ਤੇ ਐੱਨ.ਆਈ.ਏ. ਵੱਲੋਂ ਗ੍ਰਿਫ਼ਤਾਰ

ਐੱਮ.ਪੀ. ਸਿਮਰਨਜੀਤ ਮਾਨ ਨੇ ਕੀਤੀ ਨਿੰਦਾ
ਲੰਡਨ, 19 ਸਤੰਬਰ (ਪੰਜਾਬ ਮੇਲ)- ਯੂ.ਕੇ. ਦੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪ੍ਰਧਾਨ ਦੇ ਦਿੱਲੀ ਹਵਾਈ ਅੱਡੇ ਪਹੁੰਚਣ ‘ਤੇ ਐੱਨ.ਆਈ.ਏ. ਵੱਲੋਂ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਹੈ। ਐੱਮ.ਪੀ. ਸਿਮਰਨਜੀਤ ਸਿੰਘ ਮਾਨ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਯੂ.ਕੇ. ‘ਚ ਪਾਰਟੀ ਦੇ ਪ੍ਰਧਾਨ ਸਰਬਜੀਤ ਸਿੰਘ ਦੇ ਦਿੱਲੀ ਹਵਾਈ ਅੱਡੇ ‘ਤੇ ਪਹੁੰਚਣ ਸਮੇਂ ਇੰਡੀਅਨ ਏਜੰਸੀਆਂ ਵਿਸ਼ੇਸ਼ ਤੌਰ ‘ਤੇ ਐੱਨ.ਆਈ.ਏ. ਵੱਲੋਂ ਉਨ੍ਹਾਂ ਨੂੰ ਕਈ ਘੰਟੇ ਤੰਗ-ਪ੍ਰੇਸ਼ਾਨ ਕਰਨ ਅਤੇ ਫਿਰ ਆਪਣੇ ਨਾਲ ਜਬਰੀ ਲਿਜਾਣ ਦੇ ਵਿਧਾਨ ਵਿਰੋਧੀ ਅਤੇ ਮਨੁੱਖੀ ਅਧਿਕਾਰਾਂ ਵਿਰੋਧੀ ਕਾਰਵਾਈਆਂ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ।
ਕੈਨੇਡਾ-ਭਾਰਤ ਦੇ ਵਿਗੜਦੇ ਆਪਸੀ ਸਬੰਧਾਂ ਤੋਂ ਬਾਅਦ ਦਿੱਲੀ ਹਵਾਈ ਅੱਡੇ ‘ਤੇ ਐੱਨ.ਆਈ.ਏ. ਵੱਲੋਂ ਕੀਤੀ ਕਾਰਵਾਈ ਨਾਲ ਵਿਦੇਸ਼ੀ ਸਿੱਖਾਂ ਨੇ ਆਪਣੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਕਿਸਾਨ ਮੋਰਚੇ ਜਾਂ ਪੰਥਕ ਕਾਨਫਰੰਸਾਂ ਵਿਚ ਵੱਖ-ਵੱਖ ਪਾਰਟੀਆਂ ਸ਼ਮੂਲੀਅਤ ਕਰਦੀਆਂ ਹਨ ਪਰ ਖੂਫੀਆ ਏਜੰਸੀਆਂ ਵੱਲੋਂ ਇਸ ਤਰ੍ਹਾਂ ਭਾਰਤ ਗਏ ਆਗੂਆਂ ਨੂੰ ਗ੍ਰਿਫ਼ਤਾਰ ਕਰਨਾ ਕਿੱਥੋਂ ਤੱਕ ਜਾਇਜ਼ ਹੈ। ਸੂਤਰਾਂ ਮੁਤਾਬਕ ਸਰਬਜੀਤ ਸਿੰਘ ਤੋਂ ਕਈ ਘੰਟੇ ਪੁੱਛਗਿਛ ਕਰਨ ਤੋਂ ਬਾਅਦ ਐੱਨ.ਆਈ.ਏ. ਦੀ ਟੀਮ ਨੇ ਉਨ੍ਹਾਂ ਨੂੰ ਛੱਡ ਦਿੱਤਾ।
ਮਾਨ ਨੇ ਸਰਕਾਰ ਤੇ ਐੱਨ.ਆਈ.ਏ. ਵੱਲੋਂ ਸਰਬਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਲਿਜਾਣ ਅਤੇ ਉਨ੍ਹਾਂ ਦੀ ਵੱਡੇਰੀ ਉਮਰ ‘ਚ ਮਾਨਸਿਕ ਤੇ ਸਰੀਰਕ ਤਸ਼ੱਦਦ ਕਰਨ ਦੀ ਸਖਤ ਸ਼ਬਦਾਂ ‘ਚ ਨਿੰਦਾ ਕਰਦਿਆਂ ਫੌਰੀ ਰਿਹਾਅ ਦੀ ਮੰਗ ਕੀਤੀ। ਜਾਣਕਾਰ ਸੂਤਰਾਂ ਮੁਤਾਬਕ ਪ੍ਰਧਾਨ ਤੋਂ ਲੰਡਨ ਵਿਚ ਭਾਰਤੀ ਅੰਬੈਸੀ ਤੋਂ ਤਿਰੰਗਾ ਉਤਾਰਨ ਵਾਲੀ ਘਟਨਾ ਬਾਰੇ ਪੁੱਛਗਿਛ ਕੀਤੀ ਗਈ ਦੱਸੀ ਜਾ ਰਹੀ ਹੈ।

Leave a comment