#AMERICA

ਯੂ.ਐੱਸ. ਸੈਨੇਟਰ ਕ੍ਰਿਸਟਨ ਜਿਲੀਬਰਾਂਡ ਨੇ ਡਾ. ਪ੍ਰਿਤਪਾਲ ਦੇ ਗ੍ਰਹਿ ਵਿਖੇ ਸਿੱਖ ਆਗੂਆਂ ਨਾਲ ਕੀਤੀ ਮੁਲਾਕਾਤ

ਫਰੀਮਾਂਟ, 24 ਮਈ (ਪੰਜਾਬ ਮੇਲ)- ਯੂ.ਐੱਸ. ਸੈਨੇਟਰ ਕ੍ਰਿਸਟਨ ਜਿਲੀਬਰਾਂਡ ਸਿੱਖ ਕਾਕਸ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਵੱਖ-ਵੱਖ ਆਗੂਆਂ ਨਾਲ ਸਿੱਖਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਇਨ੍ਹਾਂ ਆਗੂਆਂ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਸਭ ਤੋਂ ਪਹਿਲਾਂ ਹਰਪ੍ਰੀਤ ਸਿੰਘ ਸੰਧੂ ਨੇ ਯੂ.ਐੱਸ. ਸੈਨੇਟਰ ਜਿਲੀਬਰਾਂਡ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਸਿੱਖਾਂ ਦੇ ਪਿਛਲੇ ਲੰਮੇ ਸਮੇਂ ਤੋਂ ਦੋਸਤ ਮੰਨੇ ਜਾਂਦੇ ਹਨ ਤੇ ਅੱਜ ਵਿਸ਼ੇਸ਼ ਤੌਰ ‘ਤੇ ਸਿੱਖਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਜਾਣਨ ਲਈ ਇਥੇ ਪਹੁੰਚੇ ਹਨ। ਡਾ. ਪ੍ਰਿਤਪਾਲ ਸਿੰਘ ਨੇ ਅਮਰੀਕਾ ਵਿਚ ਅਤੇ ਅਮਰੀਕਾ ਤੋਂ ਬਾਹਰ ਸਿੱਖਾਂ ਦੇ ਬਹੁਤ ਸਾਰੇ ਮੁੱਦੇ ਸੈਨੇਟਰ ਜਿਲੀਬਰਾਂਡ ਨਾਲ ਵਿਚਾਰੇ। ਇਸ ਤੋਂ ਇਲਾਵਾ ਜਸਦੇਵ ਸਿੰਘ, ਕਸ਼ਮੀਰ ਸਿੰਘ, ਜਸਵੰਤ ਸਿੰਘ ਹੋਠੀ ਤੇ ਜਸਜੀਤ ਸਿੰਘ ਨੇ ਵੀ ਸੈਨੇਟਰ ਜਿਲੀਬਰਾਂਡ ਨੂੰ ਸਿੱਖਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਖੁੱਲ੍ਹ ਕੇ ਜਾਣਕਾਰੀ ਦਿੱਤੀ। ਇਸ ਦੌਰਾਨ ਸੈਨੇਟਰ ਜਿਲੀਬਰਾਂਡ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਉਹ ਅਮਰੀਕੀ ਫੌਜ ਵਿਚ ਸਿੱਖਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਅਮਰੀਕੀ ਫੌਜ ਅਤੇ ਏਅਰ ਫੋਰਸ ਵਿਚ ਸਿੱਖਾਂ ਨੂੰ ਦਸਤਾਰ ਅਤੇ ਪੰਜ ਕਕਾਰ ਸਮੇਤ ਭਰਤੀ ਹੋਣ ਵਿਚ ਕਾਫੀ ਔਖਿਆਈ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਯੂ.ਐੱਸ. ਆਰਮਡ ਸਰਵਿਸ ਕਮੇਟੀ ਦੀ ਮੈਂਬਰ ਹੋਣ ਦੇ ਨਾਤੇ ਇਸ ਵੱਲ ਵਿਸ਼ੇਸ਼ ਧਿਆਨ ਦਿਆਂਗੀ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਸਿੱਖਾਂ ਪ੍ਰਤੀ ਫੌਜ ਵਿਚ ਆਉਂਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਿਚ ਮਦਦ ਮਿਲੇਗੀ। ਇਸ ਮੌਕੇ ਹੋਰ ਵੀ ਬਹੁਤ ਸਾਰੇ ਸਿੱਖ ਆਗੂ ਹਾਜ਼ਰ ਸਨ।

Leave a comment