#AMERICA

ਯੂ.ਐੱਸ.ਏ. ਬਾਰਡਰ ਪੈਟਰੋਲ ਵੱਲੋਂ ਕੈਨੇਡਾ ਤੋਂ ਅਮਰੀਕਾ ‘ਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੁੰਦੇ 14 ਭਾਰਤੀ ਕਾਬੂ

ਨਿਊਯਾਰਕ, 2 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਯੂ.ਐੱਸ.ਏ. ਬਾਰਡਰ ਪੈਟਰੋਲ ਨੇ ਅਮਰੀਕਾ ਵਿਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੁੰਦੇ ਹੋਏ 14 ਭਾਰਤੀ ਨਾਗਰਿਕਾਂ ਦੇ ਇਕ ਸਮੂਹ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਇਕ ਭਾਰਤੀ ਮੂਲ ਦਾ ਜੀਪ ਚਾਲਕ ਜੀਪ ਵਿਚ ਪੂਰੀ ਤਰ੍ਹਾਂ ਤੁੰਨ ਕੇ ਕੈਨੇਡਾ ਤੋਂ ਅਮਰੀਕਾ ਲਿਆ ਰਿਹਾ ਸੀ। ਜਿਨ੍ਹਾਂ ਨੂੰ ਅਮਰੀਕਾ ਦੀ ਸਰਹੱਦ ‘ਤੇ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਲੋਕਾਂ ਦੀ ਜੀਪ ਨੂੰ ਯੂ.ਐੱਸ. ਬਾਰਡਰ ਪੈਟਰੋਲ ਦੀ ਗਸ਼ਤੀ ਟੁਕੜੀ ਨੇ ਜਦੋ ਰੋਕਿਆ, ਅਤੇ ਜਾਂਚ-ਪੜਤਾਲ ਕੀਤੀ ਗਈ, ਤਾਂ ਉਸ ਜੀਪ ਵਿਚੋਂ 14 ਭਾਰਤੀ ਨੂੰ ਕਾਬੂ ਕੀਤਾ ਗਿਆ, ਜੋ ਕਿ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਲਿਜਾਏ ਜਾ ਰਹੇ ਸਨ। ਭਾਰਤੀ ਮੂਲ ਦੇ ਜੀਪ ਦੇ ਡਰਾਇਵਰ ਅਭਿਸ਼ੇਕ ਭੰਡਾਰੀ ਵਿਰੁੱਧ ਮਨੁੱਖੀ ਤਸਕਰੀ ਦੇ ਦੋਸ਼ ਆਇਦ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਯੂ.ਐੱਸ. ਬਾਰਡਰ ਪੈਟਰੋਲ ਨੇ ਸਰਹੱਦੀ ਇਲਾਕੇ ‘ਚ ਜਦੋਂ ਕੱਚੇ ਰਸਤੇ ਤੋਂ ਲੰਘਦੀ ਇੱਕ ਜੀਪ ਨੂੰ ਜਾਂਚ ਕਰਨ ਲਈ ਰੋਕਿਆ, ਤਾਂ ਉਸ ਵਿਚ ਹੱਦ ਤੋਂ ਜ਼ਿਆਦਾ ਮੁਸਾਫਰ ਸਵਾਰ ਸਨ। ਮਨੁੱਖੀ ਤਸਕਰੀ ਦਾ ਸ਼ੱਕ ਪੈਣ ‘ਤੇ ਜਦੋਂ ਪੁੱਛ-ਪੜਤਾਲ ਕੀਤੀ ਗਈ, ਤਾਂ ਜੀਪ ਦਾ ਡਰਾਇਵਰ ਅਭਿਸ਼ੇਕ ਭੰਡਾਰੀ ਉਨ੍ਹਾਂ ਨੂੰ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕਿਆ, ਜਿਸ ‘ਤੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਯੂ.ਐੱਸ.ਏ. ਬਾਰਡਰ ਪੈਟਰੋਲ ਦੁਆਰਾ ਪਿਛਲੇ ਤਿੰਨ ਸਾਲਾਂ ਵਿਚ ਕੈਨੇਡਾ-ਅਮਰੀਕਾ ਦੀ ਸਰਹੱਦ ‘ਤੇ ਕਾਬੂ ਕੀਤੇ ਭਾਰਤੀਆਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਤਸਕਰੀ ਕਰਨ ਵਾਲੇ ਭਾਰਤੀ ਮੂਲ ਦੇ ਜੀਪ ਡਰਾਈਵਰ ਨੇ ਯੂ.ਐੱਸ. ਪੈਟਰੋਲ ਨੂੰ ਕਿਹਾ ਕਿ ਉਸ ਨੂੰ ਜਾਸੂਸਾਂ ਵਾਂਗ ਤਸਕਰੀ ਕਰਨ ਲਈ ਭਰਤੀ ਕੀਤਾ ਗਿਆ ਸੀ, ਜੋ ਤਸਕਰੀ ਨੈੱਟਵਰਕਾਂ ਵਿਚ ਤਬਦੀਲੀ ਦੀ ਜਾਣਕਾਰੀ ਵੀ ਦਿੰਦਾ ਸੀ। ਇਨ੍ਹਾਂ ਨੂੰ ਨਿਊਯਾਰਕ ਦੀ ਉੱਤਰੀ ਜ਼ਿਲ੍ਹੇ ਦੀ ਅਦਾਲਤ ਵਿਚ ਦੋਸ਼ ਆਇਦ ਕਰਕੇ ਪੇਸ਼ ਕੀਤਾ ਗਿਆ। ਯੂ.ਐੱਸ.ਏ. ਬਾਰਡਰ ਪੈਟਰੋਲ ਦਾ ਕਹਿਣਾ ਹੈ ਕਿ ਉਹ ਪਿਛਲੇ 10 ਮਹੀਨਿਆਂ ਤੋਂ 4900 ਤੋਂ ਵੱਧ ਲੋਕਾਂ ਨੂੰ ਕਿਊਬਿਕ (ਕੈਨੇਡਾ) ਤੋਂ ਅਮਰੀਕਾ ‘ਚ ਦਾਖਲ ਹੋਣ ਸਮੇਂ ਗ੍ਰਿਫਤਾਰ ਕਰ ਚੁੱਕੀ ਹੈ।

Leave a comment