ਰੋਮ, 17 ਅਗਸਤ (ਪੰਜਾਬ ਮੇਲ)- ਇਟਲੀ ਦਾ ਮਾਊਂਟ ਏਟਨਾ ਜਵਾਲਾਮੁਖੀ, ਜੋ ਯੂਰਪ ਦਾ ਸਭ ਤੋਂ ਲੰਮਾ ਅਤੇ ਸਭ ਤੋਂ ਵੱਧ ਸਰਗਰਮ ਹੈ, ਇਕ ਵਾਰ ਫਿਰ ਫਟ ਗਿਆ ਹੈ। ਇਸ ਤੋਂ ਨਿਕਲਣ ਵਾਲੀ ਸੁਆਹ ਕਈ ਕਿਲੋਮੀਟਰ ਤੱਕ ਫੈਲ ਚੁੱਕੀ ਹੈ। ਇਸ ਕਾਰਨ ਸਿਸਲੀ ਸ਼ਹਿਰ ਦੇ ਕੈਟਾਨੀਆ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ। ਇਥੇ ਆਉਣ ਵਾਲੀਆਂ ਫਲਾਈਟਾਂ ਜਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਡਾਇਵਰਟ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਸੜਕਾਂ ’ਤੇ ਪਈ ਸੁਆਹ ਕਾਰਨ ਪ੍ਰਸ਼ਾਸਨ ਨੇ 48 ਘੰਟਿਆਂ ਲਈ ਮੋਟਰਸਾਈਕਲ ਅਤੇ ਸਾਈਕਲ ਚਲਾਉਣ ’ਤੇ ਪਾਬੰਦੀ ਲਗਾ ਦਿੱਤੀ ਹੈ। ਕਾਰਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਵੀ ਵੱਧ ਤੋਂ ਵੱਧ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਬਰਕਰਾਰ ਰੱਖਣ ਦਾ ਹੁਕਮ ਦਿੱਤਾ ਗਿਆ ਹੈ। ਫਲਾਈਟ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਪਾਬੰਦੀਆਂ ਹਟਣ ਤੋਂ ਬਾਅਦ ਵੀ ਸਥਿਤੀ ਦੀ ਜਾਂਚ ਕਰਨ ਤੋਂ ਬਾਅਦ ਹੀ ਹਵਾਈ ਅੱਡੇ ਲਈ ਰਵਾਨਾ ਹੋਣ ਦੀ ਸਲਾਹ ਦਿੱਤੀ ਗਈ ਹੈ।
ਪਿਛਲੇ ਹਫ਼ਤੇ ਦੇ ਸ਼ੁਰੂ ’ਚ ਜਵਾਲਾਮੁਖੀ ਫਟਣ ਦੇ ਸੰਕੇਤ ਮਿਲੇ ਸਨ, ਜਦੋਂ ਏਟਨਾ ਵਿਚੋਂ ਗੈਸ ਦੀਆਂ ਰਿੰਗਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਸਨ। ਏਟਨਾ ਯੂਰਪ ਦਾ ਸਭ ਤੋਂ ਸਰਗਰਮ ਜੁਆਲਾਮੁਖੀ ਹੈ, ਜੋ ਮਈ ਦੇ ਆਖਰੀ ਹਫ਼ਤੇ ਵਿਚ ਫਟਿਆ ਸੀ। ਉਦੋਂ ਵੀ ਜ਼ਿਆਦਾਤਰ ਹਵਾਈ ਅੱਡੇ ਬੰਦ ਸਨ। ਵਿਗਿਆਨੀਆਂ ਮੁਤਾਬਕ ਉਸ ਸਮੇਂ ਮਾਊਂਟ ਏਟਨਾ ਦਾ ਉੱਤਰ-ਪੂਰਬੀ ਕ੍ਰੇਟਰ ਪਿਛਲੇ 40 ਸਾਲਾਂ ਤੋਂ ਸਭ ਤੋਂ ਉੱਚਾ ਸੀ।
ਮਾਊਂਟ ਏਟਨਾ ਦੇ ਉੱਤਰ-ਪੂਰਬੀ ਖੱਡ ਦੀ ਉਚਾਈ 1981 ਵਿਚ ਸਭ ਤੋਂ ਵੱਧ 11,000 ਫੁੱਟ ਸੀ, ਜੋ ਕਿ 2018 ਤੱਕ ਘਟ ਕੇ 10,912 ਫੁੱਟ ਰਹਿ ਗਈ ਸੀ। ਇਸ ਤੋਂ ਪਹਿਲਾਂ ਅਗਸਤ 2021 ਵਿਚ ਵੀ ਇਹ ਜਵਾਲਾਮੁਖੀ ਫਟ ਗਿਆ ਸੀ। ਦੱਖਣ-ਪੂਰਬੀ ਕ੍ਰੇਟਰ ਫਟਣ ਤੋਂ ਪਹਿਲਾਂ ਛੇ ਮਹੀਨਿਆਂ ਤੋਂ ਲਗਾਤਾਰ ਵਧ ਰਿਹਾ ਹੈ। ਉਸ ਸਮੇਂ ਇਸ ਦੀ ਉਚਾਈ 11 ਹਜ਼ਾਰ ਫੁੱਟ ਤੋਂ ਵੀ ਵਧ ਗਈ ਸੀ। ਮਾਊਂਟ ਏਟਨਾ ਦਾ ਆਖਰੀ ਵੱਡਾ ਵਿਸਫੋਟ 1992 ਵਿਚ ਹੋਇਆ ਸੀ।