#PUNJAB

ਯੂਟੀ ਵਿਚ ਪਾਸਪੋਰਟ ਲਈ ਪੁਲਿਸ ਵੈਰੀਫਿਕੇਸ਼ਨ ਦਾ ਕੰਮ 15 ਦਿਨ ਦੀ ਥਾਂ ਪੰਜ ਦਿਨਾਂ ਵਿਚ ਹੋਵੇਗਾ ਮੁਕੰਮਲ

ਚੰਡੀਗੜ੍ਹ, 17 ਜੂਨ (ਪੰਜਾਬ ਮੇਲ)- ਯੂਟੀ ਵਿਚ ਪਾਸਪੋਰਟ ਲਈ ਪੁਲਿਸ ਵੈਰੀਫਿਕੇਸ਼ਨ ਦਾ ਕੰਮ 15 ਦਿਨ ਦੀ ਥਾਂ ਪੰਜ ਦਿਨਾਂ ਵਿਚ ਮੁਕੰਮਲ ਹੋਵੇਗਾ ਜਿਸ ਨਾਲ ਲੋਕਾਂ ਨੂੰ ਪਾਸਪੋਰਟ ਅੱਗੇ ਨਾਲੋਂ ਜਲਦੀ ਮਿਲਣਗੇ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਦੀਆਂ ਸਾਰੀਆਂ ਸੇਵਾਵਾਂ ਆਨਲਾਈਨ ਹੋ ਗਈਆਂ ਹਨ। ਇਸ ਸਬੰਧੀ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ‘ਐਮ-ਪਾਸਪੋਰਟ ਪੁਲਿਸ ਐਪ’ ਅਤੇ ਪੁਲਿਸ ਸੇਵਾਵਾਂ ਡਿਜੀਟਾਈਜੇਸ਼ਨ ਐਪ ਅੱਜ ਜਾਰੀ ਕੀਤੀਆਂ। ਚੰਡੀਗੜ੍ਹ ਯੂਟੀ ਸਕੱਤਰੇਤ ’ਚ ਲਾਂਚ ਕੀਤੀ ਗਈ ‘ਐਮ-ਪਾਸਪੋਰਟ ਪੁਲਿਸ ਐਪ’ ਨੂੰ ਵਿਦੇਸ਼ ਮੰਤਰਾਲੇ ਵਲੋਂ 2019 ਵਿੱਚ ਬਣਾਇਆ ਗਿਆ ਸੀ ਅਤੇ ਹੁਣ ਇਸ ਨੂੰ ਦੇਸ਼ ਭਰ ਦੇ ਖੇਤਰੀ ਪਾਸਪੋਰਟ ਦਫਤਰਾਂ ਨਾਲ ਜੋੜਿਆ ਗਿਆ ਹੈ। ਇਸ ਮੌਕੇ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਪ੍ਰਵੀਨ ਰੰਜਨ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਵੱਲੋਂ ਪਹਿਲਾਂ ਕਾਗਜ਼ਾਂ ਜ਼ਰੀਏ ਪਾਸਪੋਰਟ ਵੈਰੀਫਿਕੇਸ਼ਨ ਕੀਤੀ ਜਾਂਦੀ ਸੀ ਪਰ ‘ਐਮ ਪਾਸਪੋਰਟ ਪੁਲਿਸ ਐਪ’ ਨਾਲ ਹੁਣ ਵੈਰੀਫਿਕੇਸ਼ਨ ਆਨਲਾਈਨ ਕੀਤੀ ਜਾਵੇਗੀ। ਕਾਗਜ਼ੀ ਪ੍ਰਣਾਲੀ ਰਾਹੀਂ ਪਾਸਪੋਰਟ ਦੀ ਵੈਰੀਫਿਕੇਸ਼ਨ ਕਰਨ ਲਈ ਲਗਪਗ ਪੰਦਰਾਂ ਦਿਨ ਦਾ ਸਮਾਂ ਲਗਦਾ ਸੀ ਪਰ ਹੁਣ ਪਾਸਪੋਰਟ ਲਈ ਆਨਲਾਈਨ ਵੈਰੀਫਿਕੇਸ਼ਨ ਵੱਧ ਤੋਂ ਵੱਧ ਪੰਜ ਦਿਨਾਂ ਵਿੱਚ ਹੀ ਮੁਕੰਮਲ ਕੀਤੀ ਜਾਵੇਗੀ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਦੀਆਂ 11 ਸੇਵਾਵਾਂ ਨੂੰ ਡਿਜੀਟਲਾਈਜ਼ ਕੀਤਾ ਗਿਆ ਸੀ ਅਤੇ ਅੱਜ ਚਾਰ ਹੋਰ ਸੇਵਾਵਾਂ ਨੂੰ ਵੀ ਡਿਜੀਟਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਚੰਡੀਗੜ੍ਹ ਪੁਲਿਸ ਦੀਆਂ ਸਾਰੀਆਂ ਸੇਵਾਵਾਂ ਡਿਜੀਟਲ ਹੋ ਗਈਆਂ ਹਨ। ਅੱਜ ਲਾਂਚ ਕੀਤੀਆਂ ਗਈਆਂ ਚਾਰ ਹੋਰ ਸੇਵਾਵਾਂ ਵਿੱਚ ਪਾਸਪੋਰਟ ਵੈਰੀਫਿਕੇਸ਼ਨ, ਕਰੈਕਟਰ ਵੈਰੀਫਿਕੇਸ਼ਨ, ਪ੍ਰਾਈਵੇਟ ਕਰਮਚਾਰੀ ਵੈਰੀਫਿਕੇਸ਼ਨ ਅਤੇ ਕਿਰਾਏਦਾਰ ਵੈਰੀਫਿਕੇਸ਼ਨ ਸ਼ਾਮਿਲ ਹਨ।

Leave a comment