#AMERICA

ਯੂਐੱਨ ’ਚ ਗਾਜ਼ਾ ਵਿੱਚ ਜੰਗਬੰਦੀ ਬਾਰੇ ਅਮਰੀਕਾ ਦਾ ਵੀਟੋ

ਸੰਯੁਕਤ ਰਾਸ਼ਟਰ/ਤਲ ਅਵੀਵ, 19 ਅਕਤੂਬਰ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ’ਚ ਬ੍ਰਾਜ਼ੀਲ ਵੱਲੋਂ ਗਾਜ਼ਾ ’ਚ ਮਾਨਵੀ ਸਹਾਇਤਾ ਲਈ ਲਾਂਘਾ ਦੇਣ ਅਤੇ ਜੰਗਬੰਦੀ ਸਬੰਧੀ ਰੱਖੇ ਗਏ ਮਤੇ ਨੂੰ ਅਮਰੀਕਾ ਨੇ ਵੀਟੋ ਕਰ ਦਿੱਤਾ। ਉਧਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਅਪੀਲ ’ਤੇ ਇਜ਼ਰਾਈਲ ਨੇ ਮਿਸਰ ਨੂੰ ਸੀਮਤ ਮਾਨਵੀ ਸਹਾਇਤ ਗਾਜ਼ਾ ਭੇਜਣ ਦੀ ਇਜਾਜ਼ਤ ਦੇਣ ਦਾ ਫੈਸਲਾ ਲਿਆ ਹੈ। ਉਂਜ ਬਾਇਡਨ ਨੇ ਤਲ ਅਵੀਵ ਪਹੁੰਚ ਕੇ ਕਿਹਾ ਕਿ ਹਸਪਤਾਲ ’ਤੇ ਹੋਏ ਹਮਲੇ ਲਈ ਇਜ਼ਰਾਈਲ ਜ਼ਿੰਮੇਵਾਰ ਨਹੀਂ ਹੈ। ਬਾਇਡਨ ਨੇ ਦੋ ਮੁਲਕ ਬਣਾਉਣ ਦੀ ਹਮਾਇਤ ਕਰਦਿਆਂ ਐਲਾਨ ਕੀਤਾ ਕਿ ਗਾਜ਼ਾ ਅਤੇ ਪੱਛਮੀ ਕੰਢੇ ਨੂੰ 10 ਕਰੋੜ ਡਾਲਰ ਦੀ ਮਾਨਵੀ ਸਹਾਇਤਾ ਦਾ ਐਲਾਨ ਕੀਤਾ ਹੈ। ਪੰਦਰਾਂ ਮੈਂਬਰੀ ਸਲਾਮਤੀ ਪਰਿਸ਼ਦ ਨੇ ਮਤੇ ’ਤੇ ਵੋਟਿੰਗ ਕਰਵਾਈ ਸੀ ਜਿਸ ’ਚ 12 ਮੁਲਕਾਂ ਨੇ ਮਤੇ ਦੇ ਪੱਖ ’ਚ ਵੋਟ ਦਿੱਤੀ ਜਦਕਿ ਰੂਸ ਅਤੇ ਬ੍ਰਿਟੇਨ ਇਸ ਤੋਂ ਦੂਰ ਰਹੇ। ਸਲਾਮਤੀ ਪਰਿਸ਼ਦ ਦੇ ਪੰਜ ਸਥਾਈ ਮੈਂਬਰਾਂ ’ਚੋਂ ਇਕ ਅਮਰੀਕਾ ਨੇ ਮਤੇ ਖ਼ਿਲਾਫ਼ ਵੋਟ ਪਾਇਆ ਜਿਸ ਕਾਰਨ ਇਸ ਨੂੰ ਅਪਣਾਇਆ ਨਾ ਜਾ ਸਕਿਆ। ਕੋਈ ਵੀ ਮਤਾ ਪਾਸ ਕਰਾਉਣ ਲਈ 9 ਵੋਟਾਂ ਦੀ ਲੋੜ ਹੁੰਦੀ ਹੈ ਪਰ ਕਿਸੇ ਸਥਾਈ ਮੈਂਬਰ ਵੱਲੋਂ ਉਸ ਨੂੰ ਵੀਟੋ ਨਹੀਂ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਇਜ਼ਰਾਈਲ ਨੇ ਕਿਹਾ ਕਿ ਉਹ ਮਿਸਰ ਨੂੰ ਗਾਜ਼ਾ ਪੱਟੀ ’ਚ ਸੀਮਤ ਮਾਨਵੀ ਸਹਾਇਤਾ ਦੀ ਇਜਾਜ਼ਤ ਦੇਵੇਗਾ। ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਦੇ ਦਫ਼ਤਰ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਬੇਨਤੀ ’ਤੇ ਇਸ ਫ਼ੈਸਲੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਜਦੋਂ ਤੱਕ ਹਮਾਸ ਕੋਲ ਜ਼ਰੂਰੀ ਵਸਤਾਂ ਦੀ ਸਪਲਾਈ ਨਹੀਂ ਪਹੁੰਚੇਗੀ, ਇਜ਼ਰਾਈਲ ਭੋਜਨ, ਪਾਣੀ ਅਤੇ ਦਵਾਈਆਂ ਦੀ ਸਪਲਾਈ ਨੂੰ ਨਹੀਂ ਰੋਕੇਗਾ। ਬਿਆਨ ’ਚ ਈਂਧਣ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਇਹ ਵੀ ਸਪੱਸ਼ਟ ਨਹੀਂ ਹੈ ਕਿ ਗਾਜ਼ਾ ਦੇ ਲੋਕਾਂ ਨੂੰ ਸਹਾਇਤਾ ਕਦੋਂ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ। ਹਮਾਸ ਨਾਲ ਚੱਲ ਰਹੀ ਜੰਗ ਦਰਮਿਆਨ ਇਜ਼ਰਾਇਲੀਆਂ ਨਾਲ ਇਕਜੁੱਟਤਾ ਪ੍ਰਗਟਾਉਣ ਆਏ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਗਾਜ਼ਾ ਪੱਟੀ ਦੇ ਹਸਪਤਾਲ ’ਚ ਹੋਏ ਹਮਲੇ ਲਈ ਯਹੂਦੀ ਮੁਲਕ ਦੀ ਫ਼ੌਜ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਉਥੇ ਕਿਸੇ ਹੋਰ ਵੱਲੋਂ ਬੰਬਾਰੀ ਕੀਤੀ ਗਈ ਹੈ। ਇਥੇ ਉਚੇਚੇ ਤੌਰ ’ਤੇ ਪੁੱਜੇ ਬਾਇਡਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਅਤੇ ਜੰਗ ਲਈ ਬਣਾਈ ਵਿਸ਼ੇਸ਼ ਕੈਬਨਿਟ ਨਾਲ ਮੀਟਿੰਗ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਹਸਪਤਾਲ ’ਚ ਬਹੁਤ ਸਾਰੇ ਲੋਕ ਸਨ ਅਤੇ ਉਨ੍ਹਾਂ ਨੂੰ ਵੀ ਨਹੀਂ ਪਤਾ ਕਿ ਉਥੇ ਧਮਾਕਾ ਕਿਵੇਂ ਹੋਇਆ। ਹਸਪਤਾਲ ’ਤੇ ਹਮਲੇ ਦੇ ਵਿਰੋਧ ’ਚ ਪੂਰੇ ਮੱਧ-ਪੂਰਬ ’ਚ ਤਿੱਖੇ ਰੋਸ ਪ੍ਰਦਰਸ਼ਨ ਹੋਏ ਹਨ। ਉਧਰ ਨੇਤਨਯਾਹੂ ਨੇ ਕਿਹਾ,‘‘ਸਾਰੀ ਦੁਨੀਆ ਦਾ ਗੁੱਸਾ ਜਾਇਜ਼ ਹੈ ਪਰ ਇਹ ਇਜ਼ਰਾਈਲ ’ਤੇ ਨਹੀਂ ਸਗੋਂ ਅਤਿਵਾਦੀਆਂ ’ਤੇ ਝਾੜਨਾ ਚਾਹੀਦਾ ਹੈ।’’ ਨੇਤਨਯਾਹੂ ਨੇ ਇਜ਼ਰਾਇਲੀ ਫ਼ੌਜ ਵੱਲੋਂ ਹਸਪਤਾਲ ’ਤੇ ਹਮਲੇ ਤੋਂ ਸਪੱਸ਼ਟ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਣਕਾਰੀ ਮੁਤਾਬਕ ਹਮਾਸ ਵੱਲੋਂ ਦਾਗ਼ੀ ਗਈ ਮਿਜ਼ਾਈਲ ਹੀ ਮਿਸਫਾਇਰ ਹੋ ਗਈ ਅਤੇ ਉਹ ਹਸਪਤਾਲ ’ਤੇ ਜਾ ਡਿੱਗੀ। ਇਜ਼ਰਾਈਲ ਡਿਫੈਂਸ ਫੋਰਸ ਨੇ ਵੀ ਕਿਹਾ ਕਿ ਹਸਪਤਾਲ ’ਚ ਧਮਾਕੇ ਮਗਰੋਂ ਕੋਈ ਖੱਡਾ ਨਹੀਂ ਬਣਿਆ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਇਜ਼ਰਾਈਲ ਨੇ ਹਮਲਾ ਨਹੀਂ ਕੀਤਾ ਸੀ। ਬਾਇਡਨ ਨੇ ਅਰਬ ਆਗੂਆਂ ਨਾਲ ਮੁਲਾਕਾਤ ਲਈ ਜਾਰਡਨ ਵੀ ਜਾਣਾ ਸੀ ਪਰ ਹਸਪਤਾਲ ’ਚ ਧਮਾਕੇ ਮਗਰੋਂ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸੀ ਨੇ ਰੋਸ ਵਜੋਂ ਮੀਟਿੰਗ ’ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਇਹ ਮੀਟਿੰਗ ਰੱਦ ਕਰ ਦਿੱਤੀ ਗਈ। ਬਾਇਡਨ ਨੇ ਨੇਤਨਯਾਹੂ ਨੂੰ ਕਿਹਾ, ‘‘ਮੈਂ ਹਸਪਤਾਲ ’ਚ ਹੋਏ ਧਮਾਕੇ ਤੋਂ ਉਦਾਸ ਹਾਂ। ਹਮਾਸ ਸਾਰੇ ਫਲਸਤੀਨੀ ਲੋਕਾਂ ਦੀ ਨੁਮਾਇੰਦਗੀ ਨਹੀਂ ਕਰਦਾ ਹੈ। ਉਸ ਨਾਲ ਲੋਕਾਂ ਦੀਆਂ ਸਿਰਫ਼ ਮੁਸ਼ਕਲਾਂ ਹੀ ਵਧੀਆਂ ਹਨ। ਬੇਕਸੂਰ ਫਲਸਤੀਨੀਆਂ ਦੀ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ।’’ ਉਂਜ ਉਨ੍ਹਾਂ ਕਿਹਾ ਕਿ 7 ਅਕਤੂਬਰ ਨੂੰ ਹਮਾਸ ਨੇ ਇਜ਼ਰਾਇਲੀਆਂ ਦਾ ਕਤਲੇਆਮ ਕੀਤਾ ਸੀ ਜਿਸ ’ਚ 1400 ਲੋਕ ਮਾਰੇ ਗਏ ਸਨ। ਮੀਟਿੰਗ ਦੌਰਾਨ ਬਾਇਡਨ ਨੇ ਕਿਹਾ ਕਿ ਅਮਰੀਕੀ ਵੀ ਚਿੰਤਿਤ ਹਨ ਅਤੇ ਇਜ਼ਰਾਇਲੀ ਇਕੱਲੇ ਨਹੀਂ ਹਨ। ‘ਤੁਸੀਂ ਆਪਣੇ ਲੋਕਾਂ ਦੀ ਰਾਖੀ ਕਰ ਰਹੇ ਹੋ ਤਾਂ ਇਜ਼ਰਾਈਲ ਨੂੰ ਅਮਰੀਕਾ ਦੀ ਪੂਰੀ ਹਮਾਇਤ ਮਿਲੇਗੀ। ਅਸੀਂ ਬੇਕਸੂਰ ਲੋਕਾਂ ਨਾਲ ਤ੍ਰਾਸਦੀ ਵਾਪਰਨ ਤੋਂ ਰੋਕਣ ਲਈ ਖ਼ਿੱਤੇ ’ਚ ਤੁਹਾਡੇ ਅਤੇ ਹੋਰ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰਖਾਂਗੇ।’ ਅਮਰੀਕੀ ਰਾਸ਼ਟਰਪਤੀ ਦਾ ਧੰਨਵਾਦ ਕਰਦਿਆਂ ਨੇਤਨਯਾਹੂ ਨੇ ਕਿਹਾ ਕਿ ਹਮਾਸ ਨੂੰ ਹਰਾਉਣ ਲਈ ਇਜ਼ਰਾਈਲ ਇਕਜੁੱਟ ਹੈ। ਇਸ ਤੋਂ ਪਹਿਲਾਂ ਇਥੇ ਬੇਨ ਗੁਰਿਓਨ ਕੌਮਾਂਤਰੀ ਹਵਾਈ ਅੱਡੇ ’ਤੇ ਨੇਤਨਯਾਹੂ ਨੇ ਬਾਇਡਨ ਦਾ ਸਵਾਗਤ ਕੀਤਾ ਅਤੇ ਦੋਵਾਂ ਨੇ ਗਲਵਕੜੀ ਵੀ ਪਾਈ। ਉਧਰ ਗਾਜ਼ਾ ਦੇ ਅਲ-ਆਹਲੀ ਹਸਪਤਾਲ ’ਚ ਧਮਾਕੇ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਖ਼ਿੱਤੇ ’ਚ ਕਈ ਥਾਵਾਂ ’ਤੇ ਪ੍ਰਦਰਸ਼ਨ ਹੋਏ ਹਨ। ਰਾਮੱਲਾ ਸਮੇਤ ਪੱਛਮੀ ਕੰਢੇ ਦੇ ਵੱਡੇ ਸ਼ਹਿਰਾਂ ’ਚ ਸੈਂਕੜੇ ਫਲਸਤੀਨੀ ਸੜਕਾਂ ’ਤੇ ਨਿਕਲ ਆਏ। ਬੈਰੂਤ, ਲਬਿਨਾਨ, ਅਮਾਨ, ਜਾਰਡਨ ਅਤੇ ਹੋਰ ਕਈ ਥਾਵਾਂ ’ਤੇ ਲੋਕ ਇਜ਼ਰਾਇਲੀ ਸਫ਼ਾਰਤਖਾਨੇ ਦੇ ਬਾਹਰ ਇਕੱਠੇ ਹੋਏ ਅਤੇ ਉਨ੍ਹਾਂ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਦੀ ਨਿਖੇਧੀ ਕੀਤੀ। ਜਾਰਡਨ ਦੇ ਵਿਦੇਸ਼ ਮੰਤਰੀ ਅਯਮਾਨ ਸਫਦੀ ਨੇ ਕਿਹਾ ਕਿ ਖ਼ਿੱਤੇ ਨੂੰ ਜੰਗ ’ਚ ਝੋਕਿਆ ਜਾ ਰਿਹਾ ਹੈ। ਜਾਰਡਨ ਨੇ ਹਸਪਤਾਲ ’ਚ ਹੋਈਆਂ ਮੌਤਾਂ ’ਤੇ ਮੁਲਕ ’ਚ ਤਿੰਨ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ। ਬਾਇਡਨ ਦੇ ਅਮਰੀਕਾ ਪੁੱਜਣ ਮਗਰੋਂ ਉਨ੍ਹਾਂ ਵੱਲੋਂ ਅਰਬ ਆਗੂਆਂ ਨਾਲ ਫੋਨ ’ਤੇ ਗੱਲਬਾਤ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ ’ਚ ਫਲਸਤੀਨੀ ਸਫ਼ੀਰ ਰਿਆਦ ਮਨਸੂਰ ਨੇ ਕਿਹਾ ਕਿ ਬਾਇਡਨ ਇਜ਼ਰਾਈਲ ਨੂੰ ਸਪੱਸ਼ਟ ਤੌਰ ’ਤੇ ਆਖਣ ਕਿ ਗਾਜ਼ਾ ਪੱਟੀ ’ਚ ਫਲਸਤੀਨੀ ਲੋਕਾਂ ਖ਼ਿਲਾਫ਼ ਖ਼ੂਨ-ਖ਼ਰਾਬਾ ਰੋਕਿਆ ਜਾਵੇ।

Leave a comment