#AMERICA

ਮੋਸਟ ਵਾਂਟੇਡ ਗੈਂਗਸਟਰ ਹੈਪੀ ਪਾਸੀਆ ਅਮਰੀਕਾ ‘ਚ ਗ੍ਰਿਫ਼ਤਾਰ

-ਐੱਫ.ਬੀ.ਆਈ. ਅਤੇ ਈ.ਆਰ.ਓ. ਨੇ ਸੈਕਰਾਮੈਂਟੋ ਤੋਂ ਗ੍ਰਿਫ਼ਤਾਰ ਕੀਤਾ
– ਡੀ.ਜੀ.ਪੀ. ਪੰਜਾਬ ਨੇ ਆਖਿਆ ਵੱਡੀ ਕਾਮਯਾਬੀ
ਸੈਕਰਾਮੈਂਟੋ/ਚੰਡੀਗੜ੍ਹ, 19 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੀ ਜਾਂਚ ਏਜੰਸੀ ਐੱਫ.ਬੀ.ਆਈ. ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੰਜਾਬ ਅੰਦਰ ਮੋਸਟ ਵਾਂਟਡ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਨੂੰ ਉਨ੍ਹਾਂ ਨੇ ਸੈਕਰਾਮੈਂਟੋ ਤੋਂ ਗ੍ਰਿਫ਼ਤਾਰ ਕੀਤਾ ਹੈ। ਐੱਫ.ਬੀ.ਆਈ. ਸੈਕਰਾਮੈਂਟੋ ਨੇ ਇਹ ਜਾਣਕਾਰੀ ਆਪਣੇ ਇੱਕ ਐਕਸ ਪੋਸਟ ਰਾਹੀਂ 18 ਅਪ੍ਰੈਲ ਨੂੰ ਸਾਂਝੀ ਕੀਤੀ।
ਐੱਫ.ਬੀ.ਆਈ. ਨੇ ਕਿਹਾ ਕਿ, ”ਪੰਜਾਬ, ਭਾਰਤ ਵਿਚ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਇੱਕ ਕਥਿਤ ਅੱਤਵਾਦੀ ਹਰਪ੍ਰੀਤ ਸਿੰਘ ਨੂੰ ਐੱਫ.ਬੀ.ਆਈ. ਅਤੇ ਈ.ਆਰ.ਓ. ਨੇ ਸੈਕਰਾਮੈਂਟੋ ਤੋਂ ਗ੍ਰਿਫ਼ਤਾਰ ਕੀਤਾ। ਦੋ ਅੰਤਰਰਾਸ਼ਟਰੀ ਅੱਤਵਾਦੀ ਸਮੂਹਾਂ ਨਾਲ ਜੁੜਿਆ ਇਹ ਵਿਅਕਤੀ, ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਦਾਖਲ ਹੋਇਆ ਅਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਬਰਨਰ ਫੋਨਾਂ ਦੀ ਵਰਤੋਂ ਕਰਦਾ ਸੀ।”
ਦੂਜੇ ਪਾਸੇ ਭਾਰਤ ਅੰਦਰ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਇਸ ਨੂੰ ਆਈ.ਐੱਸ.ਆਈ.-ਸਮਰਥਿਤ ਅੱਤਵਾਦ ਨੈੱਟਵਰਕ ਦੇ ਖ਼ਿਲਾਫ਼ ਵੱਡੀ ਕਾਮਯਾਬੀ ਦੱਸਿਆ ਹੈ।
ਆਪਣੇ ਐਕਸ ਪੋਸਟ ਵਿਚ ਪੰਜਾਬ ਡੀ.ਜੀ.ਪੀ. ਗੌਰਵ ਯਾਦਵ ਨੇ ਲਿਖਿਆ, ”ਆਈ.ਐੱਸ.ਆਈ.-ਸਮਰਥਿਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਯੂ.ਐੱਸ.ਏ.-ਆਧਾਰਿਤ ਮੁੱਖ ਸੰਚਾਲਕ ਅਤੇ ਪਾਕਿਸਤਾਨ-ਆਧਾਰਿਤ ਅੱਤਵਾਦੀ ਰਿੰਦਾ ਦੇ ਨਜ਼ਦੀਕੀ ਸਹਿਯੋਗੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਦੀ ਗ੍ਰਿਫ਼ਤਾਰੀ, ਆਈ.ਐੱਸ.ਆਈ.-ਸਮਰਥਿਤ ਅੱਤਵਾਦੀ ਨੈੱਟਵਰਕਾਂ ‘ਤੇ ਨਿਰੰਤਰ ਕਾਰਵਾਈ ਵਿਚ ਇੱਕ ਵੱਡਾ ਮੀਲ ਪੱਥਰ ਹੈ।”
ਯਾਦਵ ਨੇ ਕਿਹਾ ਕਿ 2023-2025 ਦੇ ਵਿਚਕਾਰ, ਹੈਪੀ ਪਾਸੀਆ ਨੇ ਪੰਜਾਬ ਅਤੇ ਹੋਰ ਰਾਜਾਂ ਵਿਚ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਕਤਲਾਂ, ਪੁਲਿਸ ਅਦਾਰਿਆਂ ‘ਤੇ ਗ੍ਰਨੇਡ ਹਮਲੇ ਅਤੇ ਜਬਰੀ ਵਸੂਲੀ ਨੂੰ ਅੰਜਾਮ ਦੇਣ ਵਿਚ ਕੇਂਦਰੀ ਭੂਮਿਕਾ ਨਿਭਾਈ। 17 ਅਪ੍ਰੈਲ 2025 ਨੂੰ ਐੱਫ.ਬੀ.ਆਈ. ਅਤੇ ਆਈ.ਸੀ.ਈ. ਦੁਆਰਾ ਸੈਕਰਾਮੈਂਟੋ, ਯੂ.ਐੱਸ.ਏ. ਵਿਚ ਉਸਦੀ ਗ੍ਰਿਫ਼ਤਾਰੀ, ਅਮਰੀਕਾ ਅਤੇ ਭਾਰਤ ਵਿਚਕਾਰ ਸ਼ਾਨਦਾਰ ਅੰਤਰਰਾਸ਼ਟਰੀ ਸਹਿਯੋਗ ਅਤੇ ਜਾਣਕਾਰੀ ਦੇ ਆਦਾਨ-ਪ੍ਰਦਾਨ ਦਾ ਨਤੀਜਾ ਹੈ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਲਗਾਤਾਰ ਖੁਫੀਆ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਦੇ ਹਰ ਨਾਗਰਿਕ ਦੀ ਰੱਖਿਆ ਕਰਨ, ਅੱਤਵਾਦੀ ਵਾਤਾਵਰਣ ਪ੍ਰਣਾਲੀ ਨੂੰ ਖਤਮ ਕਰਨ ਅਤੇ ਸਰਹੱਦ ਪਾਰ ਖਤਰਿਆਂ ਦੇ ਮੱਦੇਨਜ਼ਰ ਸ਼ਾਂਤੀ ਬਣਾਈ ਰੱਖਣ ਲਈ ਪੰਜਾਬ ਪੁਲਿਸ ਦਾ ਇਰਾਦਾ ਦ੍ਰਿੜ੍ਹ ਹੈ।”
ਡੀ.ਜੀ.ਪੀ. ਯਾਦਵ ਨੇ ਦੱਸਿਆ ਕਿ ਹੈਪੀ ਪਾਸੀਆ ਨੇ ਅਪਰਾਧ ਦੀ ਸ਼ੁਰੂਆਤ ਜੱਗੂ ਭਗਵਾਨਪੁਰੀਆ ਗੈਂਗਸਟਰ ਦੇ ਨਾਲ ਕੀਤੀ ਸੀ ਅਤੇ ਉਸ ਦੇ ਯੂ.ਐੱਸ.ਏ.-ਅਧਾਰਿਤ ਸਾਥੀ – ਦਰਮਨ ਕਾਹਲੋਂ ਅਤੇ ਅੰਮ੍ਰਿਤ ਬਲ ਦੇ ਨਾਲ ਉਸ ਨੇ ਅਪਰਾਧਿਕ ਗਤੀਵਿਧੀ ਸ਼ੁਰੂ ਕੀਤੀ। ਬਾਅਦ ਵਿਚ ਹੈਪੀ ਪਾਕਿਸਤਾਨ-ਆਧਾਰਿਤ ਹਰਵਿੰਦਰ ਰਿੰਦਾ ਦੇ ਸੰਪਰਕ ਵਿਚ ਆ ਕੇ ਇੱਕ ਪ੍ਰਮੁੱਖ ਮੋਹਰਾ ਬਣ ਗਿਆ ਸੀ, ਜਿਸ ਦੇ ਰਾਹੀਂ ਆਈ.ਐੱਸ.ਆਈ. ਦੇ ਇਸ਼ਾਰੇ ਉੱਤੇ ਵੱਖ-ਵੱਖ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਸੰਤਬਰ 2024 ਤੋਂ ਬਾਅਦ ਜਿਹੜੀਆਂ (ਗ੍ਰਨੇਡ ਸੁੱਟਣ ਦੀਆਂ) ਵਾਰਦਾਤਾਂ ਹੋਈਆਂ, ਉਨ੍ਹਾਂ ਵਿਚੋਂ ਕਾਫੀਆਂ ਦੇ ਹੈਪੀ ਪਾਸੀਆ ਦੀ ਸਿੱਧੀ ਸ਼ਮੂਲੀਅਤ ਸੀ। ਉਹ ਯੂ.ਐੱਸ.ਏ. ਵਿਚ ਬੈਠ ਕੇ ਅੱਤਵਾਦੀ ਗਤੀਵਿਧੀਆਂ ਦੇ ਮੁੱਖ ਸਾਜ਼ਿਸ਼ਘਾੜੇ ਵਜੋਂ ਕੰਮ ਕਰ ਰਿਹਾ ਸੀ। ਪਰ ਪੰਜਾਬ ਪੁਲਿਸ ਨੇ ਇਸ ਨੂੰ ਬਹੁਤ ਹੀ ਸੂਝਵਾਨ ਢੰਗ ਨਾਲ ਟਰੇਸ ਕੀਤਾ ਅਤੇ ਕੇਂਦਰੀ ਜਾਂਚ ਏਸੰਸੀਆਂ ਦੀ ਮਦਦ ਨਾਲ ਸਹੀ ਚੈਨਲ ਰਾਹੀਂ ਇਸ ਦੀ ਯੂ.ਐੱਸ.ਏ. ਵਿਚ ਗ੍ਰਿਫ਼ਤਾਰੀ ਯਕੀਨਾ ਬਣਾਈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਇਹ ਮਾਮਲਾ ਕੇਂਦਰ ਸਰਕਾਰ ਪਾਸ ਉਠਾਇਆ ਹੈ ਕਿ ਹੈਪੀ ਪਾਸੀਆ ਦੇ ਖਿਲਾਫ਼ ਐੱਲ.ਓ.ਸੀ. (ਲੁੱਕ ਆਊਟ ਨੋਟਿਸ) ਜਾਰੀ ਕੀਤਾ ਗਿਆ ਹੈ ਅਤੇ ਇਸ ਖਿਲ਼ਾਫ਼ ਬਲੂ ਕਾਰਨਰ ਤੇ ਰੈੱਡ ਕਾਰਨਰ ਨੋਟਿਸ ਵੀ ਜਾਰੀ ਹੈ। ਯਾਦਵ ਨੇ ਕਿਹਾ ਕਿ ਕਾਨੂੰਨੀ ਵਿਧੀ ਅਨੁਸਾਰ ਹੈਪੀ ਪਾਸੀਆ ਨੂੰ ਭਾਰਤ ਲੈ ਕੇ ਆਉਣ ਦੇ ਯਤਨ ਕੀਤੇ ਜਾਣਗੇ।