#OTHERS

ਮੋਰੱਕੋ ‘ਚ ਆਏ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 2500 ਦੇ ਕਰੀਬ ਪੁੱਜੀ

ਮਰਾਕੇਸ਼ (ਮੋਰੱਕੋ), 11 ਸਤੰਬਰ (ਪੰਜਾਬ ਮੇਲ)- ਮੋਰੱਕੋ ‘ਚ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 2500 ਦੇ ਕਰੀਬ ਪੁੱਜ ਗਈ ਹੈ। ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਆਏ ਭੂਚਾਲ ਕਾਰਨ 2500 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਰਾਹਤ ਕਾਰਜ ਜਾਰੀ ਹਨ। ਰਾਹਤ ਕਰਮਚਾਰੀ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਕਰਕੇ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਮੰਤਰਾਲੇ ਨੇ ਦੱਸਿਆ ਕਿ ਸਭ ਤੋਂ ਵੱਧ ਮੌਤਾਂ ਅਲ ਹੌਜ਼ ਸੂਬੇ ਵਿਚ ਹੋਈਆਂ ਹਨ। ਮੋਰੱਕੋ ਸਰਕਾਰ ਨੇ ਭੂਚਾਲ ਮਗਰੋਂ ਤਿੰਨ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ।
ਜ਼ਿਕਰਯੋਗ ਹੈ ਕਿ ਮੋਰੱਕੋ ‘ਚ ਸ਼ੁੱਕਰਵਾਰ ਦੇਰ ਰਾਤ 6.8 ਤੀਬਰਤਾ ਦਾ ਆਇਆ ਭੂਚਾਲ ਪਿਛਲੇ 120 ਸਾਲਾਂ ਵਿਚ ਦੇਸ਼ ਵਿਚ ਆਉਣ ਵਾਲਾ ਸਭ ਤੋਂ ਭਿਆਨਕ ਭੂਚਾਲ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਦੇਸ਼ਾਂ ਦੇ ਨੇਤਾਵਾਂ ਨੇ ਮੋਰੱਕੋ ਨੂੰ ਮਦਦ ਦੀ ਪੇਸ਼ਕਸ਼ ਕੀਤੀ। ਇਜ਼ਰਾਈਲ ਦੇ ਰੱਖਿਆ ਮੰਤਰੀ ਯੋਆਵ ਗੈਲੈਂਟ ਨੇ ਮੋਰੱਕੋ ‘ਚ ਆਪਣੇ ਹਮਰੁਤਬਾ ਨਾਲ ਫੋਨ ‘ਤੇ ਗੱਲ ਕੀਤੀ ਅਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।

Leave a comment