#PUNJAB

ਮੋਦੀ ਸਰਕਾਰ ਵੱਲੋਂ ਜਾਰੀ ਨਵੇਂ ਬਣੇ ਗਵਰਨਰਾਂ ਦੀ ਲਿਸਟ ‘ਚ ਕਿਸੇ ਸਿੱਖ ਨੂੰ ਨਹੀਂ ਮਿਲੀ ਥਾਂ!

-ਸਿੱਖ ਹਲਕਿਆਂ ‘ਚ ਛਿੜੀ ਚਰਚਾ
ਲੁਧਿਆਣਾ, 30 ਜੁਲਾਈ (ਪੰਜਾਬ ਮੇਲ)- ਦੇਸ਼ ਵਿਚ ਰਾਜ ਕਰਦੀ ਐੱਨ.ਡੀ.ਏ. ਦੀ ਮੋਦੀ ਸਰਕਾਰ ਨੇ ਅੱਧੀ ਦਰਜਨ ਤੋਂ ਵੱਧ ਸੂਬਿਆਂ ਦੇ ਜਿਵੇਂ ਪੰਜਾਬ, ਰਾਜਸਥਾਨ, ਝਾਰਖੰਡ, ਛੱਤੀਸਗੜ੍ਹ, ਮਹਾਰਾਸ਼ਟਰ, ਮੇਘਾਲਿਆ ਦੇ ਗਵਰਨਰ ਨਵੇਂ ਜਾਂ ਅਦਲਾ-ਬਦਲੀ ਕਰਕੇ ਲਗਾਏ ਗਏ ਹਨ।
ਇਸ ਤਾਜ਼ੀ ਜਾਰੀ ਲਿਸਟ ਵਿਚ ਕੋਈ ਵੀ ਸਿੱਖ ਪਗੜੀਧਾਰੀ ਗਵਰਨਰ ਚਿਹਰਾ ਨਾ ਹੋਣ ‘ਤੇ ਸਿਆਸੀ ਹਲਕਿਆਂ ਵਿਚ ਖਾਸ ਕਰਕੇ ਸਿੱਖ ਹਲਕਿਆਂ ‘ਚ ਇਸ ਗੱਲ ਦੀ ਚਰਚਾ ਹੋ ਰਹੀ ਹੈ। ਤੀਜੀ ਵਾਰ ਮੋਦੀ ਸਰਕਾਰੀ ਨੇ ਵੱਖ-ਵੱਖ ਸੂਬਿਆਂ ‘ਚ ਗਵਰਨਰ ਲਗਾਉਣ ਮੌਕੇ ਸ਼ਾਇਦ ਕੋਈ ਐਸਾ ਸਿੱਖ ਨਹੀਂ ਲੱਭਿਆ, ਜਿਸ ਦੇ ਮੂੰਹ ਨੂੰ ਗਵਰਨਰੀ ਦਾ ਛੁਹਾਰਾ ਲੱਗ ਸਕੇ, ਜਦੋਂਕਿ ਭਾਜਪਾ ‘ਚ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਅਟਵਾਲ, ਫ਼ਤਿਹ ਸਿੰਘ ਬਾਜਵਾ, ਮਨਪ੍ਰੀਤ ਸਿੰਘ ਬਾਦਲ, ਮਨਜਿੰਦਰ ਸਿੰਘ ਸਿਰਸਾ, ਮਹਾਰਾਣੀ ਪ੍ਰਨੀਤ ਕੌਰ, ਤਰਨਜੀਤ ਸਿੰਘ ਸੰਧੂ ਤੋਂ ਇਲਾਵਾ ਹੋਰ ਕਈ ਸਿੱਖ ਆਗੂ ਭਾਜਪਾ ਵਿਚ ਸ਼ਾਮਲ ਹਨ।
ਇਥੇ ਦੱਸਣਾ ਉਚਿਤ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਗਵਰਨਰ ਬਣਨ ਦੀਆਂ ਕਈ ਵਾਰ ਖਬਰਾਂ ਵੀ ਉੱਡ ਚੁੱਕੀਆਂ ਹਨ ਪਰ ਹੁਣ ਤਾਜ਼ੀ ਜਾਰੀ ਹੋਈ ਲਿਸਟ ਵਿਚ ਕਿਸੇ ਸਿੱਖ ਚਿਹਰੇ ਦਾ ਗਵਰਨਰ ਨਾ ਹੋਣ ‘ਤੇ ਭਾਜਪਾ ਵਿਚ ਗਏ ਸਿੱਖ ਨੇਤਾ ਇਕ-ਦੂਜੇ ਦੇ ਮੂੰਹ ਵੱਲ ਦੇਖ ਰਹੇ ਹਨ।