#PUNJAB

ਮੋਗਾ ਦੇ ਫੋਕਲ ਪੁਆਇੰਟ ਸਥਿਤ ਫੈਕਟਰੀ ਨੂੰ ਅੱਗ ਲੱਗਣ ਕਾਰਨ ਪਰਵਾਸੀ ਮਜ਼ਦੂਰ ਦੀ ਜ਼ਿੰਦਾ ਸੜਨ ਕਾਰਨ ਮੌਤ

ਮੋਗਾ, 11 ਸਤੰਬਰ (ਪੰਜਾਬ ਮੇਲ)- ਇਥੇ ਸਨਅਤੀ ਕੇਂਦਰ (ਫੋਕਲ ਪੁਆਇੰਟ) ਵਿਖੇ ਭੁਜੀਆ ਬਣਾਉਣ ਵਾਲੀ ਫੈਕਟਰੀ ਵਿਚ ਅੱਗ ਲੱਗਣ ਕਾਰਨ ਕਰੀਬ 20 ਵਰ੍ਹਿਆਂ ਦੇ ਪਰਵਾਸੀ ਮਜ਼ਦੂਰ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਪੁਲਿਸ ਚੌਕੀ ਫੋਕਲ ਪੁਆਇੰਟ ਇੰਚਾਰਜ ਮੋਹਕਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਅਰਸ਼ਦ ਵਜੋਂ ਹੋਈ ਹੈ ਅਤੇ ਉਹ ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਵਾਰਸਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਆਉਣ ਉੱਤੇ ਹੀ ਪੋਸਟਮਾਰਟਮ ਕੀਤਾ ਜਾਵੇਗਾ। ਫੈਕਟਰੀ ਵਿਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਉਧਰ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਅੱਗ ‘ਤੇ ਕਾਬੂ ਪਾਉਣ ਲਈ ਪਹੁੰਚ ਗਈਆਂ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ। ਇਸ ਮੌਕੇ ਫੈਕਟਰੀ ਵਿਚ ਕਰੀਬ 10 ਮਜ਼ਦੂਰ ਸਨ। ਮ੍ਰਿਤਕ ਮਜ਼ਦੂਰ ਡੀਜ਼ਲ ਭੱਠੀ ਨੇੜੇ ਕੰਮ ਕਰ ਰਿਹਾ ਸੀ। ਪੁਲਿਸ ਨੇ ਖ਼ਦਸ਼ਾ ਹੈ ਕਿ ਤੇਲ ਦੇ ਉਬਾਲਾ ਖਾਣ ਨਾਲ ਅਚਾਨਕ ਅੱਗ ਲੱਗ ਗਈ ਅਤੇ ਧੂੰਆਂ ਹੋਣ ਕਾਰਨ ਮਜ਼ਦੂਰ ਬਾਹਰ ਨਾ ਨਿਕਲ ਸਕਿਆ। ਇਸ ਘਟਨਾ ਬਾਰੇ ਮਜ਼ਦੂਰਾਂ ਨੇ ਰੌਲਾ ਪਾਇਆ। ਇਸ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਵੀ ਮੌਕੇ ‘ਤੇ ਪਹੁੰਚ ਗਏ ਅਤੇ ਉਨ੍ਹਾਂ ਖੁਦ ਮਜ਼ਦੂਰ ਦੀ ਲਾਸ਼ ਨੂੰ ਬਾਹਰ ਕੱਢਿਆ ਅਤੇ ਕਈ ਮਜ਼ਦੂਰਾਂ ਨੂੰ ਫੈਕਟਰੀ ਵਿਚੋਂ ਬਾਹਰ ਕੱਢਿਆ। ਫੈਕਟਰੀ ਨੂੰ ਲੱਗੀ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਸਾਮਾਨ ਵੀ ਸੜਕੇ ਸੁਆਹ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a comment