#AMERICA

ਮੈਰੀਲੈਂਡ ’ਚ ਭਾਰਤੀ ਪਰਿਵਾਰ ਦੇ ਤਿੰਨ ਮੈਂਬਰ ਮ੍ਰਿਤਕ ਹਾਲਤ ’ਚ ਮਿਲੇ

ਨਿਊਯਾਰਕ, 21 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਮੈਰੀਲੈਂਡ ਸੂਬੇ ’ਚ ਸ਼ੁੱਕਰਵਾਰ ਨੂੰ ਇਕ ਭਾਰਤੀ ਜੋੜਾ ਅਤੇ ਉਨ੍ਹਾਂ ਦਾ ਛੇ ਸਾਲਾ ਬੱਚਾ ਮ੍ਰਿਤਕ ਪਾਇਆ ਗਿਆ| ਪੁਲਿਸ ਨੂੰ ਖੁਦਕੁਸ਼ੀ ਜਾਂ ਕਤਲ ਕੀਤੇ ਜਾਣ ਦਾ ਸ਼ੱਕ ਹੈ| ਪੁਲਿਸ ਨੇ ਦੱਸਿਆ ਕਿ ਤਿੰਨੋਂ ਮ੍ਰਿਤਕ ਕਰਨਾਟਕ ਦੇ ਵਸਨੀਕ ਹਨ ਅਤੇ ਇੱਥੇ ਬਾਲਟੀਮੋਰ ਕਾਉਂਟੀ ਵਿਚ ਆਪਣੇ ਘਰ ਰਹਿ ਰਹੇ ਸਨ|
ਮ੍ਰਿਤਕਾਂ ਦੀ ਪਛਾਣ ਯੋਗੇਸ਼ ਐੱਚ. ਨਾਗਰਾਜੱਪਾ (37), ਪ੍ਰਤਿਭਾ ਵਾਈ. ਅਮਰਨਾਥ (37) ਅਤੇ ਯਸ਼ ਹੋਨਾਲ (6) ਵਜੋਂ ਹੋਈ ਹੈ| ਪੁਲਿਸ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਉਹ ਪਤੀ-ਪਤਨੀ ਅਤੇ ਬੇਟਾ ਹਨ| ਇੱਕ ਸਥਾਨਕ ਅਖਬਾਰ ਨੇ ਬਾਲਟੀਮੋਰ ਕਾਉਂਟੀ ਪੁਲਿਸ ਬੁਲਾਰੇ ਐਂਥਨੀ ਸ਼ੈਲਟਨ ਦੇ ਹਵਾਲੇ ਨਾਲ ਕਿਹਾ ਕਿ ‘‘ਸ਼ੁਰੂਆਤੀ ਜਾਂਚ ਦੇ ਅਧਾਰ ’ਤੇ ਨਾਗਰਾਜੱਪਾ ਦੇ ਕੇਸ ਨੂੰ ਦੋਹਰੇ ਕਤਲ-ਆਤਮ ਹੱਤਿਆ ਮੰਨਿਆ ਜਾ ਰਿਹਾ ਹੈ|’’ ਸ਼ੈਲਟਨ ਨੇ ਕਿਹਾ ਕਿ ਅਜਿਹਾ ਲ¾ਗਦਾ ਹੈ ਕਿ ਦੋਵਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ|
ਪੁਲਿਸ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੂੰ ਆਖਰੀ ਵਾਰ ਮੰਗਲਵਾਰ ਸ਼ਾਮ ਨੂੰ ਦੇਖਿਆ ਗਿਆ ਸੀ| ਉਨ੍ਹਾਂ ਕਿਹਾ ਕਿ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮੁੱਖ ਮੈਡੀਕਲ ਅਫ਼ਸਰ ਦੇ ਦਫ਼ਤਰ ਵੱਲੋਂ ਪੋਸਟਮਾਰਟਮ ਕਰਵਾਇਆ ਜਾਵੇਗਾ| ਬਾਲਟੀਮੋਰ ਕਾਉਂਟੀ ਦੇ ਕਾਰਜਕਾਰੀ ਜੌਨੀ ਓਲਸਜ਼ੇਵਸਕੀ ਨੇ ਇੱਕ ਬਿਆਨ ਵਿਚ ਕਿਹਾ ਕਿ ਉਹ ਉਨ੍ਹਾਂ ਨਿਰਦੋਸ਼ ਪੀੜਤਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਨ| ਉਹ ਇਸ ਦੁਖਦਾਈ ਘਟਨਾ ਤੋਂ ਬਾਅਦ ਪਰਿਵਾਰ ਅਤੇ ਭਾਈਚਾਰੇ ਦੇ ਮੈਂਬਰਾਂ ਦੀ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ| ਪੁਲਿਸ ਨੇ ਕਿਹਾ ਕਿ ਫਿਲਹਾਲ ਆਲੇ-ਦੁਆਲੇ ਦੇ ਭਾਈਚਾਰਿਆਂ ਨੂੰ ਕੋਈ ਖ਼ਤਰਾ ਨਹੀਂ ਸੀ|

Leave a comment