ਮਾਨਸਾ, 28 ਅਗਸਤ (ਪੰਜਾਬ ਮੇਲ)- ਮਾਨਸਾ ਪੁਲਿਸ ਦੀ ਅਪਰਾਧ ਜਾਂਚ ਏਜੰਸੀ (ਸੀ.ਆਈ.ਏ.) ਦੀ ਹਿਰਾਸਤ ਵਿਚੋਂ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮ ਗੈਂਗਸਟਰ ਦੀਪਕ ਉਰਫ ਟੀਨੂੰ ਦੇ ਫ਼ਰਾਰ ਹੋਣ ਦੇ ਕਰੀਬ ਦੋ ਸਾਲ ਬਾਅਦ ਜ਼ਿਲ੍ਹਾ ਅਦਾਲਤ ਨੇ ਤਤਕਾਲੀ ਸੀ.ਆਈ.ਏ. ਇੰਚਾਰਜ ਪ੍ਰਿਤਪਾਲ ਸਿੰਘ ਸਣੇ 10 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ। ਇਨ੍ਹਾਂ ਵਿਚ ਪ੍ਰਿਤਪਾਲ ਸਿੰਘ ਸਣੇ ਦੀਪਕ ਟੀਨੂੰ, ਜਤਿੰਦਰ ਕੌਰ ਉਰਫ ਜੋਤੀ, ਕੁਲਦੀਪ ਸਿੰਘ ਕੋਹਲੀ, ਰਾਜਵੀਰ ਕਜਾਮਾ, ਰਜਿੰਦਰ ਸਿੰਘ ਉਰਫ ਗੋਰਾ, ਬਿੱਟੂ, ਸਰਬਜੋਤ ਸਿੰਘ, ਚਿਰਾਗ ਅਤੇ ਸੁਨੀਲ ਕੁਮਾਰ ਲੋਹੀਆ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ। ਅਦਾਲਤ ਨੇ ਮੁਲਜ਼ਮ ਦੀ ਰਿਹਾਈ ਦੀ ਅਰਜ਼ੀ ਵੀ ਖਾਰਜ ਕਰ ਦਿੱਤੀ ਹੈ। ਅਦਾਲਤ ਨੇ ਸਰਬਜੋਤ ਸਿੰਘ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਹਨ। ਅਦਾਲਤ ਨੇ ਦੋਸ਼ੀ ਕੋਹਲੀ ਵੱਲੋਂ ਡਿਸਚਾਰਜ ਦੀ ਮੰਗ ਸਬੰਧੀ ਦਾਇਰ ਅਰਜ਼ੀਆਂ ਨੂੰ ਵੀ ਖਾਰਜ ਕਰ ਦਿੱਤਾ। ਅਦਾਲਤ ਨੇ ਇਸਤਗਾਸਾ ਪੱਖ ਦੇ ਸਬੂਤਾਂ ‘ਤੇ ਸੁਣਵਾਈ ਸ਼ੁਰੂ ਕਰਨ ਲਈ ਇਸ ਮਾਮਲੇ ਦੀ ਸੁਣਵਾਈ 5 ਸਤੰਬਰ ਲਈ ਤੈਅ ਕੀਤੀ ਹੈ।
ਜੁਲਾਈ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪ੍ਰਿਤਪਾਲ ਦੀ ਜ਼ਮਾਨਤ ਅਰਜ਼ੀ ਖਾਰਜ ਕਰਦਿਆਂ ਹੇਠਲੀ ਅਦਾਲਤ ਨੂੰ ਛੇ ਮਹੀਨਿਆਂ ਵਿਚ ਕੇਸ ਦੀ ਸੁਣਵਾਈ ਮੁਕੰਮਲ ਕਰਨ ਦਾ ਹੁਕਮ ਦਿੱਤਾ ਸੀ। ਜ਼ਿਕਰਯੋਗ ਹੈ ਕਿ ਗੈਂਗਸਟਰ ਦੀਪਕ ਟੀਨੂੰ 1 ਅਕਤੂਬਰ ਨੂੰ ਮਾਨਸਾ ਪੁਲਿਸ ਦੀ ਅਪਰਾਧ ਜਾਂਚ ਏਜੰਸੀ (ਸੀ.ਆਈ.ਏ.) ਦੀ ਹਿਰਾਸਤ ਤੋਂ ਫ਼ਰਾਰ ਹੋ ਗਿਆ ਸੀ। ਉਸ ਵੇਲੇ ਪੰਜਾਬ ਪੁਲਿਸ ਨੇ ਸੀ.ਆਈ.ਏ. ਇੰਚਾਰਜ ਐੱਸ.ਆਈ. ਪ੍ਰਿਤਪਾਲ ਸਿੰਘ ਨੂੰ ਬਰਖਾਸਤ ਕਰ ਦਿੱਤਾ ਸੀ, ਜੋ ਗਾਇਕ ਦੇ ਕਤਲ ਕੇਸ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਦਾ ਵੀ ਮੈਂਬਰ ਸੀ। ਟੀਨੂੰ ਨੂੰ ਦਿੱਲੀ ਪੁਲਿਸ ਨੇ 19 ਅਕਤੂਬਰ ਨੂੰ ਰਾਜਸਥਾਨ ਦੇ ਅਜਮੇਰ ਤੋਂ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਸੀ। ਮਗਰੋਂ ਪੰਜਾਬ ਪੁਲਿਸ ਉਸ ਨੂੰ ਦਿੱਲੀ ਤੋਂ ਟਰਾਂਜ਼ਿਟ ਰਿਮਾਂਡ ‘ਤੇ ਲੈ ਕੇ ਆਈ ਸੀ।
ਦਸੰਬਰ 2022 ਵਿਚ ਮਾਨਸਾ ਪੁਲਿਸ ਨੇ 10 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਚਾਰਜਸ਼ੀਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਿਤਪਾਲ ਟੀਨੂੰ ਨੂੰ ਇੱਕ ਨਿੱਜੀ ਕਾਰ ਵਿਚ ਮਾਨਸਾ ਸ਼ਹਿਰ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੇ ਹਾਊਸਿੰਗ ਕੰਪਲੈਕਸ ਵਿਚ ਸਥਿਤ ਸਰਕਾਰੀ ਰਿਹਾਇਸ਼ ਤੱਕ ਲੈ ਗਿਆ ਸੀ। ਇਸ ਵਿਚ ਕਿਹਾ ਗਿਆ ਕਿ ਟੀਨੂੰ ਦੂਜੇ ਦੋਸ਼ੀਆਂ ਦੀ ਮਦਦ ਨਾਲ ਫ਼ਰਾਰ ਹੋ ਗਿਆ ਸੀ।