#PUNJAB

ਮੂਸੇਵਾਲਾ ਕਤਲਕਾਂਡ: ਪਰਿਵਾਰ ਨੇ ਸਰਕਾਰਾਂ ਤੋਂ ਇਨਸਾਫ਼ ਦੀ ਆਸ ਛੱਡੀ

-ਇਨਸਾਫ ਲਈ ਹੋਰ ਸੰਘਰਸ਼ ਕਰਨਾ ਪਵੇਗਾ : ਬਲਕੌਰ ਸਿੱਧੂ
ਮਾਨਸਾ, 20 ਫਰਵਰੀ (ਪੰਜਾਬ ਮੇਲ)- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਪੁੱਤ ਦੀ ਮੌਤ ਦਾ ਇਨਸਾਫ਼ ਲੈ ਕੇ ਰਹਿਣਗੇ। ਉਹ ਪਿੰਡ ਮੂਸਾ ਵਿਚ ਪਹੁੰਚੇ ਗਾਇਕ ਦੇ ਚਾਹੁਣ ਵਾਲਿਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਹੁਲ ਗਾਂਧੀ, ਮੁੱਖ ਮੰਤਰੀ ਭਗਵੰਤ ਮਾਨ ਸਣੇ ਵੱਖ-ਵੱਖ ਆਗੂਆਂ ਨੂੰ ਮਿਲ ਚੁੱਕੇ ਹਨ, ਪਰ ਹੁਣ ਇਨਸਾਫ਼ ਦੀ ਉਮੀਦ ਖ਼ਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਨਸਾਫ਼ ਲਈ ਹੋਰ ਸੰਘਰਸ਼ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ‘ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਕੇ ਸਿਰਫ਼ ਉਨ੍ਹਾਂ ਦੀਆਂ ਅੱਖਾਂ ਪੂੰਝੀਆਂ ਜਾ ਰਹੀਆਂ ਹਨ, ਪਰ ਜਿਨ੍ਹਾਂ ਨੇ ਕਤਲ ਦੀ ਸਾਜ਼ਿਸ਼ ਰਚੀ, ਉਨ੍ਹਾਂ ਨੂੰ ਨਾ ਤਾਂ ਅੱਜ ਤੱਕ ਫੜਿਆ ਗਿਆ ਅਤੇ ਨਾ ਹੀ ਫੜੇ ਜਾਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਉਹ ਅਗਲੇ ਮਹੀਨੇ ਆਪਣੇ ਪੁੱਤ ਦੀ ਬਰਸੀ ਮਨਾਉਣਗੇ, ਜਿਸ ਮੌਕੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ਨੂੰ ਪੰਜਾਬ ਭਰ ਵਿਚ ਲਿਜਾਣਗੇ, ਤਾਂ ਜੋ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਸਰਕਾਰ ਪਰਿਵਾਰ ਨੂੰ ਅੱਜ ਤੱਕ ਇਨਸਾਫ਼ ਨਹੀਂ ਦੇ ਸਕੀ।

Leave a comment