15.1 C
Sacramento
Tuesday, October 3, 2023
spot_img

ਮੁੱਖ ਮੰਤਰੀ ਮਾਨ ਦਾ ਇੱਕ ਹੋਰ ਮੰਤਰੀ ਰਾਡਾਰ ‘ਤੇ!

-ਸੁਖਪਾਲ ਖਹਿਰਾ ਨੇ ਲੋਕਪਾਲ ਕੋਲ ਸ਼ਿਕਾਇਤ ਦਰਜ ਕਰਵਾਈ
ਚੰਡੀਗੜ੍ਹ, 28 ਜੁਲਾਈ (ਪੰਜਾਬ ਮੇਲ)- ਪੰਜਾਬ ਦੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਦੇ ਲੋਕਪਾਲ ਕੋਲ ਸੂਬੇ ਦੇ ਇੱਕ ਮੰਤਰੀ ਦੀਆਂ ਕਥਿਤ ਬੇਨਿਯਮੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਕਾਂਗਰਸੀ ਵਿਧਾਇਕ ਨੇ ਦੱਸਿਆ ਕਿ ਮੰਤਰੀ ਦੀਆਂ ਕਥਿਤ ਬੇਨਿਯਮੀਆਂ ਤੇ ਗੈਰਕਾਨੂੰਨੀ ਗਤੀਵਿਧੀਆਂ ਸਬੰਧੀ ਸਬੂਤਾਂ ਸਮੇਤ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲੋਕਪਾਲ ਐਕਟ, 1996 ਦੀ ਧਾਰਾ 19 ਨੇ ਸ਼ਿਕਾਇਤ ਦਾ ਖੁਲਾਸਾ ਕਰਨ ‘ਤੇ ਰੋਕ ਲਗਾਈ ਹੈ, ਇਸ ਲਈ ਉਹ ਲੋਕਪਾਲ ਦੇ ਫ਼ੈਸਲੇ ਦੀ ਉਡੀਕ ਕਰਨਗੇ।
ਖਹਿਰਾ ਨੇ ਕਿਹਾ ਕਿ ਇਹ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਰਖ ਦੀ ਘੜੀ ਹੈ ਕਿਉਂਕਿ ਉੱਚ ਸਥਾਨਾਂ ‘ਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਆਜ਼ਾਦ ਲੋਕਪਾਲ ਬਣਾਉਣ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਗਠਨ ਹੋਇਆ ਸੀ। ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਦੱਸਣ ਦੀ ਹਿੰਮਤ ਕਰਨ ਕਿ ਪੰਜਾਬ ਵਿਜੀਲੈਂਸ ਬਿਊਰੋ ਤੇ ਪੰਜਾਬ ਪੁਲਿਸ ਵੱਲੋਂ ਸਿਰਫ ਵਿਰੋਧੀ ਪਾਰਟੀਆਂ ਦੇ ਸਿਆਸੀ ਆਗੂਆਂ ਨੂੰ ਹੀ ਮਿੱਥ ਕੇ ਗ੍ਰਿਫ਼ਤਾਰ ਕਿਉਂ ਕੀਤਾ ਜਾ ਰਿਹਾ ਹੈ?
ਉਨ੍ਹਾਂ ਕਿਹਾ ਕਿ ‘ਆਪ’ ਆਗੂਆਂ ਤੇ ਵਰਕਰਾਂ ਜਿਨ੍ਹਾਂ ਖ਼ਿਲਾਫ਼ ਅਨੈਤਿਕਤਾ, ਦੁਰਵਿਹਾਰ ਅਤੇ ਭ੍ਰਿਸ਼ਟਾਚਾਰ ਦੇ ਸਬੂਤ ਹਨ ਜਿਵੇਂ ਕਿ ਮੰਤਰੀ ਲਾਲ ਚੰਦ ਕਟਾਰੂਚੱਕ, ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ, ਵਿਧਾਇਕ ਜਗਦੀਪ ਕੰਬੋਜ, ਅਬੋਹਰ ਦੇ ਹਲਕਾ ਇੰਚਾਰਜ ਦੀਪ ਕੰਬੋਜ, ਸਾਬਕਾ ਮੰਤਰੀ ਡਾ. ਵਿਜੈ ਸਿੰਗਲਾ ਤੇ ਐਡਵੋਕੇਟ ਜਨਰਲ ਵਿਨੋਦ ਘਈ ਆਦਿ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਹੋਈ?
ਖਹਿਰਾ ਨੇ ਕਿਹਾ ਕਿ ਹੁਣ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਵਿਚੋਂ ਵਿਰੋਧੀ ਧਿਰ ਨੂੰ ਮੁਕੰਮਲ ਤੌਰ ‘ਤੇ ਸਾਫ ਕਰਨ ਦੇ ਮਕਸਦ ਨਾਲ ਭਗਵੰਤ ਮਾਨ ਸਿਆਸੀ ਵਿਰੋਧੀਆਂ ਖ਼ਿਲਾਫ਼ ਸਿਆਸੀ ਬਦਲਾਖੋਰੀ ਦੀ ਕਾਰਵਾਈ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਉਕਤ ਮੰਤਰੀ ਨੂੰ ਜਾਂਚ ਚੱਲਣ ਤੱਕ ਮੰਤਰੀ ਮੰਡਲ ‘ਚੋਂ ਬਰਖਾਸਤ ਕੀਤਾ ਜਾਵੇ। ਨਹੀਂ ਤਾਂ ਇਹ ਮੰਤਰੀ ਕਟਾਰੂਚੱਕ ਵਾਂਗ ਆਪਣਾ ਪ੍ਰਭਾਵ ਵਰਤ ਕੇ ਆਪਣੇ ਖ਼ਿਲਾਫ਼ ਰਿਪੋਰਟ ਦੇਣ ਵਾਲੇ ਅਫ਼ਸਰਾਂ ਨੂੰ ਨੁਕਸਾਨ ਪਹੁੰਚਾਵੇਗਾ।

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles