#PUNJAB

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖੀ ਸਰੂਪ ਦਾ ਮਜ਼ਾਕ ਉਡਾਉਣ ਨੂੰ ਲੈ ਕੇ ਸਿੱਖ ਜਗਤ ‘ਚ ਭਾਰੀ ਰੋਸ

* ਜਨਤਕ ਤੌਰ ‘ਤੇ ਸਿੱਖ ਕੌਮ ਕੋਲੋਂ ਮੁਆਫ਼ੀ ਮੰਗਣ ਦੀ ਮੰਗ
* ਵੱਖ-ਵੱਖ ਰਾਜਨੀਤਿਕ ਤੇ ਧਾਰਮਿਕ ਆਗੂਆਂ ਵੱਲੋਂ ਸਖ਼ਤ ਆਲੋਚਨਾ
ਜਲੰਧਰ, 22 ਜੂਨ (ਪੰਜਾਬ ਮੇਲ)- ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦੇ ਪ੍ਰਸਾਰਨ ਸਬੰਧੀ ਵਿਧਾਨ ਸਭਾ ‘ਚ ਸੋਧ ਬਿੱਲ ਪਾਸ ਕਰਵਾ ਕੇ ਗੈਰ-ਸੰਵਿਧਾਨਿਕ ਕਾਰਵਾਈਆਂ ਤੇ ਸਿੱਖ ਕੌਮ ਦੇ ਧਾਰਮਿਕ ਮਸਲਿਆਂ ‘ਚ ਸਿੱਧੀ ਦਖਲਅੰਦਾਜ਼ੀ ਦੇ ਦੋਸ਼ਾਂ ਕਾਰਨ ਲਗਾਤਾਰ ਵਿਵਾਦਾਂ ‘ਚ ਘਿਰੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮੁਸ਼ਕਿਲਾਂ ਉਸ ਵੇਲੇ ਹੋਰ ਵਧ ਗਈਆਂ, ਜਦੋਂ ਉਨ੍ਹਾਂ ਨੇ ਸਿੱਖ ਕੌਮ ਦੇ ਧਾਰਮਿਕ ਚਿੰਨ੍ਹਾਂ ਦਾੜ੍ਹੀ-ਕੇਸ (ਕਕਾਰਾਂ) ਦਾ ਮਜ਼ਾਕ ਉਡਾਉਂਦੇ ਹੋਏ ਸਿਆਸੀ ਆਗੂਆਂ ਦੇ ਕਿਰਦਾਰ ‘ਤੇ ਗੰਭੀਰ ਸਵਾਲ ਉਠਾਏ। ਮੁੱਖ ਮੰਤਰੀ ਵੱਲੋਂ ਦਾੜ੍ਹੀ-ਕੇਸਾਂ ‘ਤੇ ਕੀਤੀ ਗਈ ਟਿੱਪਣੀ ‘ਤੇ ਵੱਖ-ਵੱਖ ਰਾਜਨੀਤਿਕ ਤੇ ਧਾਰਮਿਕ ਆਗੂਆਂ ਨੇ ਸਖ਼ਤ ਇਤਰਾਜ਼ ਕਰਦਿਆਂ ਕਿਹਾ ਕਿ ਭਗਵੰਤ ਮਾਨ ਨੂੰ ਸਿੱਖ ਕੌਮ ਕੋਲੋਂ ਫੌਰੀ ਤੌਰ ‘ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਵੱਖ-ਵੱਖ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ ‘ਚ ਲੰਬੇ ਹੱਥੀਂ ਲੈਂਦੇ ਹੋਏ ਕਿਹਾ ਕਿ ਇਕ ਅਜਿਹੇ ਵਿਅਕਤੀ, ਜੋ ਖੁਦ ਸਿੱਖ ਧਾਰਮਿਕ ਮਾਣ-ਮਰਿਆਦਾ ਤੋਂ ਕੋਹਾਂ ਦੂਰ ਹੋਵੇ ਅਤੇ ਜਿਸ ਨੇ ਖੁਦ ਦਾੜ੍ਹੀ-ਕੇਸਾਂ ਦੀ ਬੇਅਦਬੀ ਕੀਤੀ ਹੋਵੇ, ਨੂੰ ਸਿੱਖ ਕੌਮ ਦੇ ਧਾਰਮਿਕ ਚਿੰਨ੍ਹਾਂ ਬਾਰੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਪਵਿੱਤਰ ਸਦਨ ‘ਚ ਮੁੱਖ ਮੰਤਰੀ ਦੇ ਇਸ ਗੈਰ-ਜ਼ਿੰਮੇਵਾਰਾਨਾ ਬਿਆਨ ਨਾਲ ਸਿੱਖ ਕੌਮ ਦੇ ਹਿਰਦੇ ਬੁਰੀ ਤਰ੍ਹਾਂ ਨਾਲ ਵਲੂੰਧਰੇ ਗਏ ਹਨ ਤੇ ਇਸ ਤੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਹੰਕਾਰ ਸਪੱਸ਼ਟ ਝਲਕਦਾ ਹੈ ਪਰ ਸਿੱਖ ਕੌਮ ਅਜਿਹੀਆਂ ਕਾਰਵਾਈਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।
ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਅੰਦਰ ਦਾੜ੍ਹੇ ਨੂੰ ਲੈ ਕੇ ਕੀਤੀ ਟਿੱਪਣੀ ‘ਤੇ ਸਖ਼ਤ ਇਤਰਾਜ਼ ਕਰਦੇ ਹੋਏ ਕਿਹਾ ਕਿ ਸਨਮਾਨਯੋਗ ਅਹੁਦੇ ‘ਤੇ ਰਹਿ ਕੇ ਸੂਬੇ ਦੀ ਅਗਵਾਈ ਕਰ ਰਹੇ ਇਕ ਜ਼ਿੰਮੇਵਾਰ ਵਿਅਕਤੀ ਤੋਂ ਅਜਿਹੇ ਬਿਆਨ ਦੀ ਉੱਕਾ ਹੀ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ, ਜੋ ਖੁਦ ਪਤਿਤ ਹਨ, ਨੇ ਵਿਧਾਨ ਸਭਾ ਅੰਦਰ ਇਕ ਅੰਮ੍ਰਿਤਧਾਰੀ ਸਿੱਖ ਦੇ ਦਾੜ੍ਹੇ ਦਾ ਮਜ਼ਾਕ ਬਣਾ ਕੇ ਬੱਜਰ ਗੁਨਾਹ ਕੀਤਾ ਹੈ। ਬਾਬਾ ਖ਼ਾਲਸਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਖੁਦ ਹੀ ਸਿੱਖੀ ਦੀ ਅਦੁੱਤੀ ਤੇ ਅਮੁੱਲੀ ਦਾਤ ਤੇ ਗੁਰੂ ਕੀ ਮੋਹਰ ਕੇਸਾਂ (ਦਾੜ੍ਹੇ) ਉੱਪਰ ਹਾਸੋਹੀਣੀ ਟਿੱਪਣੀ ਕਰਕੇ ਕੌਮ ਦੀਆਂ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚਾਈ ਹੈ। ਗੁਰਬਾਣੀ ਪ੍ਰਸਾਰਨ ਮਾਮਲੇ ਸਬੰਧੀ ਪਾਸ ਕੀਤੇ ਬਿੱਲ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਗੁਰਦੁਆਰਾ ਐਕਟ ‘ਚ ਸੋਧ ਕਰਕੇ ਸਰਕਾਰ ਨੇ ਸਿੱਖਾਂ ਦੇ ਧਾਰਮਿਕ ਮਾਮਲਿਆਂ ‘ਚ ਸਿੱਧੀ ਦਖ਼ਲਅੰਦਾਜ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਉੱਪਰ ਸ਼੍ਰੋਮਣੀ ਕਮੇਟੀ ਜੋ ਵੀ ਫ਼ੈਸਲਾ ਲਵੇਗੀ, ਦਮਦਮੀ ਟਕਸਾਲ ਵਲੋਂ ਉਸ ਦਾ ਹਰ ਤਰ੍ਹਾਂ ਸਹਿਯੋਗ ਕੀਤਾ ਜਾਵੇਗਾ।
ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖਾਂ ਦੀ ਦਾੜ੍ਹੀ ਅਤੇ ਕੇਸਾਂ ਬਾਰੇ ਕੀਤੇ ਕੋਝੇ ਮਜ਼ਾਕ ਦੀ ਸਖ਼ਤ ਸ਼ਬਦਾਂ ‘ਚ ਆਲੋਚਨਾ ਕਰਦਿਆਂ ਕਿਹਾ ਕਿ ਮੰਗਲਵਾਰ ਦਾ ਦਿਨ ਪੰਜਾਬ ਵਿਧਾਨ ਸਭਾ ਦੇ ਇਤਿਹਾਸ ‘ਚ ਬਹੁਤ ਹੀ ਸ਼ਰਮਨਾਕ ਤੇ ਕਾਲਾ ਦਿਨ ਸੀ, ਜਦੋਂ ਇਕ ਮੁੱਖ ਮੰਤਰੀ ਨੇ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਕੇਸ ਅਤੇ ਦਾੜ੍ਹੀ ਦਾ ਮਜ਼ਾਕ ਉਡਾਇਆ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਤੁਸੀਂ ਪੇਸ਼ੇ ਵਜੋਂ ਇਕ ਭੰਡ ਹੋ ਪਰ ਤੁਹਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਤੁਸੀਂ ਸਿੱਖ ਮਾਪਿਆਂ ਦੇ ਘਰ ਜਨਮ ਲਿਆ ਹੈ ਤੇ ਤੁਸੀਂ ਉਨ੍ਹਾਂ ਨੂੰ ਵੀ ਸ਼ਰਮਸਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਵੀ ਸਾਰਾ ਜੱਗ ਜਾਣਦਾ ਹੈ ਕਿ ਤੁਸੀਂ ਸਿਆਸੀ ਮਜਬੂਰੀ ਲਈ ਪੱਗ ਬੰਨ੍ਹਦੇ ਹੋ ਪਰ ਦਾੜ੍ਹੀ ਤੇ ਕੇਸ ਨਹੀਂ ਰੱਖਦੇ ਪਰ ਇਸ ਦੇ ਬਾਵਜੂਦ ਤੁਸੀਂ ਸਿੱਖ ਕੌਮ ਦੇ ਕਕਾਰਾਂ ਦਾ ਮਜ਼ਾਕ ਉਡਾਉਣ ਦੀ ਹਿੰਮਤ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਣ।
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਮੰਗਲਵਾਰ ਦਾ ਦਿਨ ਵਿਧਾਨ ਸਭਾ ਦੇ ਇਤਿਹਾਸ ‘ਚ ਕਾਲੇ ਦਿਨ ਵਜੋਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਆਪਣੇ ਨਾਂ ਦੇ ਨਾਲ ਸਿੰਘ ਵੀ ਨਹੀਂ ਲਾਉਂਦੇ ਤੇ ਨਾ ਹੀ ਉਨ੍ਹਾਂ ਨੇ ਕੇਸ ਰੱਖੇ ਹੋਏ ਹਨ, ਨੂੰ ਸਿੱਖਾਂ ਦੀ ਧਾਰਮਿਕ ਪਛਾਣ ਬਾਰੇ ਕਿੰਤੂ-ਪ੍ਰੰਤੂ ਕਰਨ ਦਾ ਕੋਈ ਹੱਕ ਨਹੀਂ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਮੁੱਖ ਮੰਤਰੀ ਨੇ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ ਤੇ ਉਨ੍ਹਾਂ ਆਪਣੀ ਇਸ ਅਪਮਾਨਜਨਕ ਟਿੱਪਣੀ ਲਈ ਸਿੱਖ ਕੌਮ ਕੋਲੋਂ ਜਨਤਕ ਤੌਰ ‘ਤੇ ਮੁਆਫ਼ੀ ਮੰਗਣੀ ਚਾਹੀਦੀ ਹੈ।

Leave a comment