#PUNJAB

ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਆਂਗਣਵਾੜੀ ਵਰਕਰਾਂ ਅਤੇ ਪੁਲਿਸ ਵਿਚਕਾਰ ਖਿੱਚ-ਧੂਹ

ਸੰਗਰੂਰ, 29 ਸਤੰਬਰ (ਪੰਜਾਬ ਮੇਲ)- ਇਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਆਂਗਣਵਾੜੀ ਵਰਕਰਾਂ ਅਤੇ ਪੁਲਿਸ ਵਿਚਕਾਰ ਖਾਸੀ ਖਿੱਚ-ਧੂਹ ਹੋਈ। ਰੋਹ ਵਿਚ ਆਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਮੁੱਖ ਮੰਤਰੀ ਦਾ ਪੁਤਲਾ ਫ਼ੂਕਿਆਂ। ਆਂਗਣਵਾੜੀ ਵਰਕਰਾਂ ਦੇ ਇਕੱਠੇ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਮੁੱਖ ਮੰਤਰੀ ਦਾ ਕਾਫ਼ਲਾ ਕੋਠੀ ‘ਚੋਂ ਧੂਰੀ ਹਲਕੇ ਲਈ ਰਵਾਨਾ ਹੋਇਆ ਸੀ। ਪੰਜਾਬ ਸਰਕਾਰ ਵਲੋਂ ਮੀਟਿੰਗ ਦਾ ਸਮਾਂ ਦੇ ਕੇ ਵਾਰ-ਵਾਰ ਮੁਲਤਵੀ ਕਰਕੇ ਅੱਗੇ ਪਾਉਣ ਤੋਂ ਖਫ਼ਾ ਆਂਗਣਵਾੜੀ ਵਰਕਰਾਂ ਵਲੋਂ ਅੱਜ ਰਾਜ ਭਰ ਵਿਚ ਸਮੂਹ ਮੰਤਰੀਆਂ ਅਤੇ ਵਿਧਾਇਕਾਂ ਦੇ ਦਫ਼ਤਰਾਂ ਅੱਗੇ ਪੁਤਲੇ ਫ਼ੂਕਦਿਆਂ ਪ੍ਰਦਰਸ਼ਨ ਕੀਤੇ ਗਏ।
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਅਗਵਾਈ ਹੇਠ ਸੈਂਕੜੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸਥਾਨਕ ਮਿਲਕ ਪਲਾਂਟ ਨੇੜੇ ਇਕੱਠੀਆਂ ਹੋਈਆਂ, ਜਿਥੋਂ ਰੋਸ ਮਾਰਚ ਕਰਦਿਆਂ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਅੱਗੇ ਪੁੱਜ ਗਈਆਂ, ਜਿਉਂ ਹੀ ਵਰਕਰਾਂ ਵਲੋਂ ਅੱਗੇ ਵਧਣ ਦਾ ਯਤਨ ਕੀਤਾ, ਤਾਂ ਪੁਲਿਸ ਨਾਲ ਜੰਮ ਕੇ ਖਿੱਚ-ਧੂਹ ਹੋਈ, ਜਿਸ ਦੌਰਾਨ ਮਾਹੌਲ ਤਣਾਅਪੂਰਨ ਬਣ ਗਿਆ। ਰੋਹ ਵਿਚ ਆਈਆਂ ਵਰਕਰਾਂ ਵਲੋਂ ਮੁੱਖ ਮੰਤਰੀ ਦਾ ਪੁਤਲਾ ਫ਼ੂਕਦਿਆਂ ਮੁਜ਼ਾਹਰਾ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਤ੍ਰਿਸ਼ਨਜੀਤ ਕੌਰ ਦੀ ਅਗਵਾਈ ਹੇਠ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਕੁੱਲ ਹਿੰਦ ਪ੍ਰਧਾਨ ਊਸ਼ਾ ਰਾਣੀ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਵਲੋਂ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਹਰ ਵਾਰ ਅੱਗੇ ਵਧਾਈ ਜਾਣਾ ਅਤੇ ਮੀਟਿੰਗ ਨਾ ਕਰਨਾ ਇੱਕ ਕੋਝਾ ਮਜ਼ਾਕ ਬਣਾ ਰੱਖਿਆ ਹੈ। ਉਨ੍ਹਾਂ ਦੱਸਿਆ ਕਿ 14 ਨਵੰਬਰ 2022 ਤੋਂ ਵਾਰ-ਵਾਰ ਮੀਟਿੰਗਾਂ ਮੁਲਤਵੀ ਕਰਕੇ ਅੱਗੇ ਤਾਰੀਖਾਂ ਦਿੱਤੀਆਂ ਜਾ ਰਹੀਆਂ ਹਨ। ਅੱਜ 29 ਸਤੰਬਰ ਦੀ ਵੀ ਮੀਟਿੰਗ ਦਿੱਤੀ ਸੀ ਪਰ ਹੁਣ 4 ਅਕਤੂਬਰ ‘ਤੇ ਪਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜਾਬ ਸਰਕਾਰ ਨੂੰ ਦਿੱਤੇ ਮੰਗ ਪੱਤਰਾਂ ਦੀ ਗਿਣਤੀ 400 ਤੋਂ ਉਪਰ ਹੋ ਚੁੱਕੀ ਹੈ ਪਰ ਸਰਕਾਰ ਵਲੋਂ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਬੁਲਾਰਿਆਂ ਨੇ ਮੰਗ ਕੀਤੀ ਕਿ ਆਂਗਣਵਾੜੀ ਵਰਕਰ ਨੂੰ ਗ੍ਰੇਡ-3 ਅਤੇ ਹੈਲਪਰ ਨੂੰ ਗ੍ਰੇਡ-4 ਦਾ ਦਰਜਾ ਦਿੱਤਾ ਜਾਵੇ, ਚੋਣ ਵਾਅਦੇ ਅਨੁਸਾਰ ਵਰਕਰਾਂ ਅਤੇ ਹੈਲਪਰਾਂ ਦੀ ਤਨਖਾਹ ਦੁੱਗਣੀ ਕੀਤੀ ਜਾਵੇ, 0 ਤੋਂ 6 ਸਾਲ ਤੱਕ ਦੇ ਬੱਚੇ ਆਂਗਣਵਾੜੀ ਕੇਂਦਰਾਂ ‘ਚ ਹੀ ਰੱਖੇ ਜਾਣ, ਪ੍ਰੀ-ਸਕੂਲ ਸਿੱਖਿਆ ਦੀ ਟਰੇਨਿੰਗ ਦੇ ਕੇ ਐੱਨ.ਟੀ.ਟੀ. ਅਧਿਆਪਕ ਦਾ ਦਰਜਾ ਦਿੱਤਾ ਜਾਵੇ, ਸੇਵਾਮੁਕਤੀ ‘ਤੇ ਗਰੈਚੂਟੀ ਲਾਗੂ ਕੀਤੀ ਜਾਵੇ, ਬਾਕੀ ਰਾਜਾਂ ਦੀ ਤਰਜ਼ ‘ਤੇ ਪੰਜਾਬ ਵਿਚ ਐਕਸ਼ ਗਰੇਸ਼ੀਆ ਦੀ ਰਕਮ ਵਰਕਰ ਨੂੰ ਚਾਰ ਲੱਖ ਅਤੇ ਹੈਲਪਰ ਨੂੰ ਦੋ ਲੱਖ ਕੀਤੀ ਜਾਵੇ, ਆਯੂਸ਼ਮਾਨ ਬੀਮਾ ਯੋਜਨਾ ਨਾਲ ਜੋੜ ਕੇ ਮੁਫ਼ਤ ਇਲਾਜ ਲਈ ਕਾਰਡ ਬਣਾਏ ਜਾਣ ਅਤੇ ਪਦਉਨਤੀ ਸਮੇਂ ਵਾਰਡਬੰਦੀ ਦੀ ਸ਼ਰਤ ਹਟਾ ਕੇ ਖਾਲੀ ਆਸਾਮੀਆਂ ਭਰੀਆਂ ਜਾਣ। ਇਸ ਮੌਕੇ ਯੂਨੀਅਨ ਆਗੂ ਸ਼ਿੰਦਰ ਕੌਰ ਬੜੀ, ਸਕੁੰਤਲਾ ਧੂਰੀ, ਮਨਦੀਪ ਕੁਮਾਰੀ, ਰਾਜਵਿੰਦਰ ਕੌਰ, ਦਲਜੀਤ ਕੌਰ ਮਾਝੀ, ਪ੍ਰਕਾਸ਼ ਕੌਰ ਅਨਦਾਣਾ, ਹਰਵਿੰਦਰ ਕੌਰ ਧੂਰੀ, ਹਰਪ੍ਰੀਤ ਕੌਰ ਛਾਜਲੀ, ਗੁਰਵਿੰਦਰ ਕੌਰ ਸੁਨਾਮ, ਸੁਰਿੰਦਰ ਕੌਰ ਬਾਲੀਆਂ ਤੇ ਸਰਬਜੀਤ ਕੌਰ ਸੰਗਰੂਰ ਮੌਜੂਦ ਸਨ।

Leave a comment