ਸ਼ਿੰਦਾ ਨੂੰ ਪੰਜਾਬੀ ਸੰਗੀਤ ਜਗਤ ਲਈ ਨਵੇਂ ਦਿਸਹੱਦੇ ਸਿਰਜਣ ਵਾਲਾ ਬਹੁਪੱਖੀ ਗਾਇਕ ਦੱਸਿਆ
ਚੰਡੀਗੜ੍ਹ, 27 ਜੁਲਾਈ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਘੇ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੁਰਿੰਦਰ ਸ਼ਿੰਦਾ ਨੇ ਲੰਮੀ ਬਿਮਾਰੀ ਮਗਰੋਂ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਬੁੱਧਵਾਰ ਨੂੰ ਆਖ਼ਰੀ ਸਾਹ ਲਿਆ।
ਆਪਣੇ ਸ਼ੋਕ ਸੁਨੇਹੇ ਵਿੱਚ ਮੁੱਖ ਮੰਤਰੀ ਨੇ ਸੁਰਿੰਦਰ ਸ਼ਿੰਦਾ ਨੂੰ ਆਪਣੇ ਸਮਿਆਂ ਦਾ ਮਹਾਨ ਪੰਜਾਬੀ ਗਾਇਕ ਦੱਸਿਆ, ਜਿਸ ਦੀ ਦਿਲ-ਟੁੰਬਵੀਂ ਆਵਾਜ਼ ਨੇ ਪੰਜਾਬੀ ਸੰਗੀਤ ਦੇ ਲੱਖਾਂ ਪ੍ਰੇਮੀਆਂ ਨੂੰ ਕੀਲ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਸੁਰਿੰਦਰ ਸ਼ਿੰਦਾ ਦੇ ਦੇਹਾਂਤ ਨਾਲ ਪੰਜਾਬੀ ਸੰਗੀਤ ਜਗਤ ਦੇ ਖ਼ੇਤਰ ਵਿੱਚ ਵੱਡਾ ਘਾਟਾ ਪਿਆ ਹੈ, ਜਿਸ ਦਾ ਨੇੜ ਭਵਿੱਖ ਵਿੱਚ ਭਰਨਾ ਬਹੁਤ ਮੁਸ਼ਕਲ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸੁਰਿੰਦਰ ਸ਼ਿੰਦਾ ਨੂੰ ਉਨ੍ਹਾਂ ਦੇ ਪ੍ਰਸੰਸਕਾਂ ਦੀ ਜ਼ੁਬਾਨ ਉਤੇ ਚੜ੍ਹੇ ਗੀਤਾਂ ਰਾਹੀਂ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਿੰਦਾ ਬਹੁਪੱਖੀ ਗਾਇਕ ਸੀ, ਜਿਸ ਨੇ ਪੰਜਾਬੀ ਸੰਗੀਤ ਜਗਤ ਦੀ ਅਮੀਰੀ ਵਿੱਚ ਵਡਮੁੱਲਾ ਯੋਗਦਾਨ ਪਾਇਆ।
ਪਰਿਵਾਰਕ ਮੈਂਬਰਾਂ ਨਾਲ ਦਿਲੀਂ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।