#PUNJAB

ਮੁੱਖ ਮੰਤਰੀ ਦੇ ਓ.ਐੱਸ.ਡੀ. ਦੀ ਗੱਡੀ ਘੇਰ ਕੇ ਡਰਾਈਵਰ ਨਾਲ ਕੀਤੀ ਹੱਥੋਪਾਈ

-ਕਾਰ ਚੜ੍ਹਾਉਣ ਦੀ ਵੀ ਕੀਤੀ ਕੋਸ਼ਿਸ਼
ਪਟਿਆਲਾ, 25 ਅਕਤੂਬਰ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐੱਸ.ਡੀ. ਪ੍ਰੋ. ਉਂਕਾਰ ਸਿੰਘ ਦੀ ਗੱਡੀ ਦੇ ਡਰਾਈਵਰ ਨੂੰ ਘੇਰ ਕੇ ਉਸ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ‘ਤੇ ਥਾਣਾ ਬਖਸ਼ੀਵਾਲਾ ਦੀ ਪੁਲਿਸ ਨੇ ਅਮਨਦੀਪ ਸਿੰਘ ਗਰੇਵਾਲ ਨਾਂ ਦੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਹਰਜੀਤ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਪਿੰਡ ਲੰਗ ਥਾਣਾ ਤ੍ਰਿਪੜੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਓ.ਐੱਸ.ਡੀ. ਪ੍ਰੋ. ਉਂਕਾਰ ਸਿੰਘ ਸਮੇਤ ਸਿਪਾਹੀ ਅੰਮ੍ਰਿਤਪਾਲ ਸਿੰਘ ਨਾਲ ਸਰਕਾਰੀ ਗੱਡੀ ‘ਚ ਪਿੰਡ ਧਬਲਾਨ ਵਿਖੇ ਮੋੜ ਕੋਲ ਜਾ ਰਿਹਾ ਸੀ। ਉਕਤ ਵਿਅਕਤੀ ਨੇ ਨਾਭਾ ਸਾਈਡ ਤੋਂ ਆ ਕੇ ਤੇਜ਼ ਰਫ਼ਤਾਰ ਨਾਲ ਉਨ੍ਹਾਂ ਦੀ ਗੱਡੀ ਨੂੰ ਓਵਰਟੇਕ ਕੀਤਾ ਅਤੇ ਉਨ੍ਹਾਂ ਦੀ ਗੱਡੀ ਦੇ ਅੱਗੇ ਲਿਆ ਕੇ ਗੱਡੀ ਖੜ੍ਹੀ ਕਰ ਦਿੱਤੀ ਤੇ ਧੱਕੇ ਨਾਲ ਉਨ੍ਹਾਂ ਦੀ ਗੱਡੀ ਦੀ ਤਾਕੀ ਖੋਲ੍ਹਣ ਲੱਗ ਪਿਆ।
ਇੰਨਾ ਹੀ ਨਹੀਂ, ਉਸ ਨੇ ਹਰਜੀਤ ਸਿੰਘ ਨਾਲ ਹੱਥੋਪਾਈ ਵੀ ਕੀਤੀ। ਫਿਰ ਆਪਣੀ ਗੱਡੀ ‘ਚ ਬੈਠ ਕੇ ਉਸ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a comment