#PUNJAB

ਮੁੱਖ ਮੰਤਰੀ ਦੀ ਕੋਠੀ ਅੱਗੇ ਅਧਿਆਪਕਾਂ ਅਤੇ ਪੁਲਿਸ ਵਿਚਕਾਰ ਧੱਕਾ-ਮੁੱਕੀ ਅਤੇ ਖਿੱਚਧੂਹ

ਪੱਗਾਂ ਲੱਥੀਆਂ ਤੇ ਲਾਠੀਚਾਰਜ ਦਾ ਦੋਸ਼
ਸੰਗਰੂਰ, 11 ਮਾਰਚ (ਪੰਜਾਬ ਮੇਲ)- ਸਟੇਸ਼ਨ ਅਲਾਟ ਕਰਨ ਦੀ ਮੰਗ ਲਈ ਇਥੇ ਪੁੱਜੇ ਚੁਣੇ ਗਏ 4161 ਅਧਿਆਪਕਾਂ ਤੇ ਪੁਲਿਸ ਵਿਚਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਜੰਮ ਕੇ ਧੱਕਾ-ਮੁੱਕੀ ਅਤੇ ਖਿੱਚਧੂਹ ਹੋਈ। ਇਸ ਕਾਰਨ ਕਈ ਅਧਿਆਪਕਾਂ ਦੀਆਂ ਪੱਗਾਂ ਤੇ ਮਹਿਲਾ ਅਧਿਆਪਕਾਂ ਦੀਆਂ ਚੁੰਨੀਆਂ ਲੱਥ ਗਈਆਂ। ਰੋਹ ਵਿਚ ਆਏ ਅਧਿਆਪਕਾਂ ਨੇ ਜਬਰੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਪੁਲਿਸ ਨਾਲ ਟਕਰਾ ਹੋ ਗਿਆ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਰੀਬ 200 ਮੀਟਰ ਤੱਕ ਖਦੇੜ ਦਿੱਤਾ। ਦੋ ਮਹਿਲਾ ਅਧਿਆਪਕਾਂ ਬੇਹੋਸ਼ ਹੋ ਕੇ ਸੜਕ ‘ਤੇ ਡਿੱਗ ਗਈਆਂ। ਇੱਕ ਪੁਲਿਸ ਮੁਲਾਜ਼ਮ ਦੀ ਪੱਗ ਵੀ ਲੱਥ ਗਈ। ਸੂਬਾ ਪ੍ਰਧਾਨ ਸੰਦੀਪ ਸਿੰਘ ਗਿੱਲ ਨੇ ਦੋਸ਼ ਲਾਇਆ ਕਿ ਪੁਲਿਸ ਵੱਲੋ ਲਾਠੀਚਾਰਜ ਕੀਤਾ ਗਿਆ ਅਤੇ ਮਹਿਲਾ ਅਧਿਆਪਕਾਂ ਨੂੰ ਵੀ ਨਹੀਂ ਬਖਸ਼ਿਆ। ਖ਼ਬਰ ਲਿਖੇ ਜਾਣ ਤੱਕ ਸਥਿਤੀ ਤਣਾਅਪੂਰਨ ਹੈ। ਪ੍ਰਦਰਸ਼ਨਕਾਰੀ ਧਰਨੇ ‘ਤੇ ਡਟੇ ਹਨ।

Leave a comment