#AMERICA

ਮਿਸੀਸਿਪੀ ‘ਚ ਹੋਈ ਗੋਲੀਬਾਰੀ ਵਿਚ 6 ਵਿਅਕਤੀਆਂ ਦੀ ਮੌਤ; ਸ਼ੱਕੀ ਹਮਲਾਵਰ ਗ੍ਰਿਫਤਾਰ

* ਮ੍ਰਿਤਕਾਂ ਵਿਚ ਸ਼ੱਕੀ ਦੀ ਸਾਬਕਾ ਪਤਨੀ ਤੇ ਆਂਢ-ਗੁਆਂਢ ਦੇ ਲੋਕ ਸ਼ਾਮਲ
ਸੈਕਰਾਮੈਂਟੋ, 20 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਮਿਸੀਸਿਪੀ (ਟੇਟ ਕਾਊਂਟੀ) ਵਿਚ ਇਕ ਵਿਅਕਤੀ ਨੇ ਗੋਲੀਆਂ ਮਾਰ ਕੇ ਆਪਣੀ ਸਾਬਕਾ ਪਤਨੀ ਸਮੇਤ 6 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਤੇ ਇਕ ਹੋਰ ਨੂੰ ਜ਼ਖਮੀ ਕਰ ਦਿੱਤਾ। ਇਹ ਜਾਣਕਾਰੀ ਟੇਟ ਕਾਊਂਟੀ ਦੇ ਸ਼ੈਰਿਫ ਬਰਾਡ ਲਾਂਸ ਨੇ ਦਿੱਤੀ ਹੈ। ਲਾਂਸ ਅਨੁਸਾਰ ਪਿਛਲੇ ਦਿਨ ਸਵੇਰ 11 ਵਜੇ ਦੇ ਆਸ-ਪਾਸ ਪੁਲਿਸ ਨੂੰ ਉੱਤਰੀ ਮਿਸੀਸਿਪੀ ਦੇ ਛੋਟੇ ਜਿਹੇ ਦਿਹਾਤੀ ਕਸਬੇ ਅਰਕਾਬੂਟਲਾ ਦੇ ਇਕ ਸਟੋਰ ਦੀ ਪਾਰਕਿੰਗ ਵਿਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ, ਜਿਥੇ ਇਕ ਵਿਅਕਤੀ ਨੇ ਇਕ ਕਾਰ ਵਿਚ ਬੈਠੇ ਡਰਾਈਵਰ ਦੀ ਹੱਤਿਆ ਕਰ ਦਿੱਤੀ, ਜਦਕਿ ਕਾਰ ਵਿਚ ਬੈਠਾ ਇਕ ਹੋਰ ਵਿਅਕਤੀ ਵਾਲ-ਵਾਲ ਬਚ ਗਿਆ। ਉਪਰੰਤ ਇਹ ਵਿਅਕਤੀ ਆਪਣੀ ਸਾਬਕਾ ਪਤਨੀ ਦੇ ਘਰ ਗਿਆ ਤੇ ਉਸ ਦੀ ਵੀ ਹੱਤਿਆ ਕਰ ਦਿੱਤੀ। ਲਾਂਸ ਅਨੁਸਾਰ ਪੁਲਿਸ ਨੂੰ ਸ਼ੱਕੀ ਦੋਸ਼ੀ ਦੇ ਘਰ ਦੇ ਪਿਛਵਾੜੇ ਇਕ ਛੋਟੀ ਜਿਹੀ ਸੜਕ ਉਪਰ ਵੀ ਦੋ ਵਿਅਕਤੀ ਮ੍ਰਿਤਕ ਮਿਲੇ, ਜਿਨ੍ਹਾਂ ਦੇ ਗੋਲੀਆਂ ਮਾਰੀਆਂ ਗਈਆਂ ਸਨ।  ਇਕ ਦੀ ਲਾਸ਼ ਸੜਕ ਉਪਰੋਂ ਤੇ ਦੂਸਰੇ ਦੀ ਲਾਸ਼ ਇਕ ਵਾਹਣ ਵਿਚੋਂ ਮਿਲੀ। ਸ਼ੱਕੀ ਦੋਸ਼ੀ ਨੇ ਦੋ ਹੋਰਨਾਂ ਦੀ ਹੱਤਿਆ ਆਪਣੇ ਘਰ ਦੇ ਨਾਲ ਵਾਲੇ ਘਰ ਵਿਚ ਕੀਤੀ। ਪੁਲਿਸ ਦਾ ਵਿਸ਼ਵਾਸ ਹੈ ਕਿ ਇਹ ਮ੍ਰਿਤਕ ਜਿਨ੍ਹਾਂ ਵਿਚ ਇਕ ਮਰਦ ਤੇ ਇਕ ਔਰਤ ਸ਼ਾਮਲ ਹੈ, ਸ਼ੱਕੀ ਦੇ ਰਿਸ਼ਤੇਦਾਰ ਸਨ। ਲਾਂਸ ਨੇ ਕਿਹਾ ਹੈ ਕਿ ਪੁਲਿਸ ਨੇ ਸ਼ੱਕੀ ਨੂੰ ਉਸ ਦੇ ਘਰ ਦੇ ਨੇੜਿਉਂ ਹਿਰਾਸਤ ਵਿਚ ਲਿਆ ਹੈ, ਜਿਥੋਂ ਉਹ ਭੱਜਣ ਦੀ ਤਾਕ ਵਿਚ ਸੀ। ਸ਼ੱਕੀ ਦੀ ਕਾਰ ਵਿਚੋਂ ਕਈ ਹੈਂਡਗੰਨਜ ਤੇ ਇਕ ਸ਼ਾਟ ਗੰਨ ਬਰਾਮਦ ਹੋਈ ਹੈ। ਪੁਲਿਸ ਨੇ ਮਾਰੇ ਗਏ ਵਿਅਕਤੀਆਂ ਤੇ ਸ਼ੱਕੀ ਦੋਸ਼ੀ ਦੇ ਨਾਂ ਜਾਰੀ ਨਹੀਂ ਕੀਤੇ ਹਨ। ਸ਼ੱਕੀ ਨੂੰ ਟੇਟ ਕਾਊਂਟੀ ਜੇਲ੍ਹ ਵਿਚ ਰੱਖਿਆ ਗਿਆ ਹੈ। ਉਸ ਵਿਰੁੱਧ ਛੇਤੀ ਰਸਮੀ ਦੋਸ਼ ਆਇਦ ਕੀਤੇ ਜਾਣ ਦੀ ਸੰਭਾਵਨਾ ਹੈ। ਸ਼ੱਕੀ ਦੋਸ਼ੀ ਦਾ ਇਨ੍ਹਾਂ ਹੱਤਿਆਵਾਂ ਪਿੱਛੇ ਕੀ ਮਕਸਦ ਸੀ, ਇਸ ਬਾਰੇ ਪੁਲਿਸ ਅਜੇ ਕਿਸੇ ਸਿੱਟੇ ਉਪਰ ਨਹੀਂ ਪੁੱਜੀ ਹੈ। ਗਵਰਨਰ ਟੇਟ ਰੀਵਸ ਨੇ ਇਕ ਟਵੀਟ ਵਿਚ ਕਿਹਾ ਹੈ ਕਿ ਮਾਮਲੇ ਦੀ ਜਾਂਚ ਪੂਰੀ ਡੂੰਘਾਈ ਨਾਲ ਕੀਤੀ ਜਾਵੇਗੀ ਤੇ ਸਮਝਿਆ ਜਾਂਦਾ ਹੈ ਕਿ ਇਕੱਲੇ ਸ਼ੱਕੀ ਨੇ ਹੀ ਇਹ ਕਾਰਾ ਕੀਤਾ ਹੈ।

Leave a comment