#CANADA

ਮਿਸੀਸਾਗਾ ‘ਚ ਪੰਜਾਬੀ ਕੁੜੀ ਦਾ ਕਤਲ ਕਰਨ ਵਾਲੇ ਖਿਲਾਫ ਕੈਨੇਡਾ ਭਰ ‘ਚ ਵਾਰੰਟ ਜਾਰੀ

ਬਰੈਂਪਟਨ, 27 ਅਪ੍ਰੈਲ (ਪੰਜਾਬ ਮੇਲ)-ਮਿਸੀਸਾਗਾ ਵਿਚ ਗੈਸ ਸਟੇਸ਼ਨ ਉੱਤੇ ਇਕ ਮਹਿਲਾ ਨੂੰ ਪੂਰੀ ਪਲਾਨਿੰਗ ਤੋਂ ਬਾਅਦ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਵਿਅਕਤੀ ਖਿਲਾਫ ਪੀਲ ਰੀਜਨਲ ਪੁਲਿਸ ਵੱਲੋਂ ਕੈਨੇਡਾ ਭਰ ਵਿਚ ਵਾਰੰਟ ਜਾਰੀ ਕੀਤੇ ਗਏ ਹਨ।
ਪੁਲਿਸ ਨੇ ਦੱਸਿਆ ਕਿ 3 ਦਸੰਬਰ, 2022 ਦਿਨ ਸ਼ਨਿਚਰਵਾਰ ਨੂੰ ਰਾਤੀਂ 10:40 ਦੇ ਨੇੜੇ ਤੇੜੇ ਕ੍ਰੈਡਿਟਵਿਊ ਤੇ ਬ੍ਰਿਟੇਨੀਆ ਰੋਡਜ਼ ਉੱਤੇ ਸਥਿਤ ਪੈਟਰੋ ਕੈਨੇਡਾ ਗੈਸ ਸਟੇਸ਼ਨ ‘ਤੇ ਕਿਸੇ ਅਣਪਛਾਤੇ ਵਿਅਕਤੀ ਨੇ ਬਰੈਂਪਟਨ ਦੀ 21 ਸਾਲਾ ਪਵਨਪ੍ਰੀਤ ਕੌਰ ਨੂੰ ਗੋਲੀਆਂ ਮਾਰ ਕੇ ਮਾਰ ਸੁੱਟਿਆ। ਜਾਂਚਕਾਰਾਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਪਵਨਪ੍ਰੀਤ ਕੌਰ ਉਸ ਸਮੇਂ ਗੈਸ ਸਟੇਸ਼ਨ ‘ਤੇ ਕੰਮ ਕਰ ਰਹੀ ਸੀ ਤੇ ਪੁਲਿਸ ਨੇ ਦੱਸਿਆ ਕਿ ਉਸ ਨੂੰ ਸੋਚ ਸਮਝ ਕੇ ਪਲਾਨਿੰਗ ਨਾਲ ਮਾਰਿਆ ਗਿਆ ਹੈ।
ਸੋਮਵਾਰ ਨੂੰ ਪੀਲ ਹੋਮੀਸਾਈਡ ਬਿਊਰੋ ਨੇ ਇਸ ਕਤਲ ਨੂੰ ਅੰਜਾਮ ਦੇਣ ਵਾਲੇ ਸ਼ਖਸ ਦੀ ਪਛਾਣ 30 ਸਾਲਾ ਧਰਮ ਸਿੰਘ ਧਾਲੀਵਾਲ ਵਜੋਂ ਕੀਤੀ, ਜਿਹੜਾ ਫਸਟ ਡਿਗਰੀ ਮਰਡਰ ਲਈ ਵਾਂਟਿਡ ਹੈ। ਪੁਲਿਸ ਨੇ ਦੱਸਿਆ ਕਿ ਧਾਲੀਵਾਲ ਸਤੰਬਰ 2022 ਵਿਚ ਜਾਣਬੁੱਝ ਕੇ ਲਾਪਤਾ ਹੋ ਗਿਆ ਪਰ ਜਾਂਚ ਤੋਂ ਸਾਹਮਣੇ ਆਇਆ ਕਿ ਇਹ ਸਭ ਪਵਨਪ੍ਰੀਤ ਦੇ ਕਤਲ ਦੀ ਪਲਾਨਿੰਗ ਲਈ ਕੀਤਾ ਗਿਆ। ਧਰਮ ਸਿੰਘ ਬਾਰੇ ਜਾਰੀ ਵੇਰਵੇ ਅਨੁਸਾਰ ਉਸ ਦਾ ਕੱਦ ਪੰਜ ਫੁੱਟ ਅੱਠ ਇੰਚ ਤੇ ਵਜ਼ਨ 170 ਪਾਊਂਡ ਦੱਸਿਆ ਜਾਂਦਾ ਹੈ। ਉਸ ਦੇ ਖੱਬੇ ਹੱਥ ਉੱਤੇ ਟੈਟੂ ਵੀ ਹੈ।
ਪੁਲਿਸ ਨੇ ਦੱਸਿਆ ਕਿ ਧਾਲੀਵਾਲ, ਜਿਸ ਦੇ ਲਿੰਕ ਓਨਟਾਰੀਓ, ਨਿਊ ਬਰੰਜ਼ਵਿੱਕ, ਵਿਨੀਪੈਗ ਤੇ ਵੈਨਕੂਵਰ ਵਿਚ ਵੀ ਹਨ, ਹਥਿਆਰਬੰਦ ਤੇ ਖਤਰਨਾਕ ਹੋ ਸਕਦਾ ਹੈ। ਉਸ ਦੇ ਪਰਿਵਾਰਕ ਮੈਂਬਰਾਂ ਉੱਤੇ ਵੀ ਉਸ ਦੀ ਮਦਦ ਕਰਨ ਦਾ ਦੋਸ਼ ਲਾਇਆ ਗਿਆ ਹੈ ਤੇ ਉਨ੍ਹਾਂ ਨੂੰ ਚਾਰਜ ਵੀ ਕੀਤਾ ਗਿਆ ਹੈ। ਪੀਲ ਪੁਲਿਸ ਨੇ ਦੱਸਿਆ ਕਿ ਪਵਨ ਦੇ ਕਤਲ ਦੇ ਸਬੰਧ ਵਿਚ ਧਾਲੀਵਾਲ ਦੇ ਦੋ ਪਰਿਵਾਰਕ ਮੈਂਬਰਾਂ ਨੂੰ ਚਾਰਜ ਕੀਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ 25 ਸਾਲਾ ਪ੍ਰਿਤਪਾਲ ਧਾਲੀਵਾਲ ਤੇ 50 ਸਾਲਾ ਅਮਰਜੀਤ ਧਾਲੀਵਾਲ ਨੂੰ ਮੌਂਕਟਨ, ਨਿਊ ਬਰੰਜ਼ਵਿੱਕ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਸਪੱਸ਼ਟ ਕੀਤਾ ਕਿ ਧਰਮ ਧਾਲੀਵਾਲ ਦੀ ਮਦਦ ਕਰਨ ਤੇ ਉਸ ਨੂੰ ਪਨਾਹ ਦੇਣ ਵਾਲਿਆਂ ਨੂੰ ਵੀ ਚਾਰਜ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੁਲਿਸ ਨੇ ਧਰਮ ਨੂੰ ਆਤਮ ਸਮਰਪਣ ਕਰਨ ਲਈ ਵੀ ਆਖਿਆ ਹੈ।

Leave a comment