* ਕਲਾਸਾਂ ਕਲ ਤੋਂ ਸ਼ੁਰੂ ਹੋਣ ਦੀ ਆਸ
ਸੈਕਰਾਮੈਂਟੋ, 21 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ) -ਪਿਛਲੇ ਹਫਤੇ ਮਿਸ਼ੀਗਨ ਸਟੇਟ ਯੁਨੀਵਰਸਿਟੀ ਵਿਚ ਇਕ 43 ਸਾਲਾ ਵਿਅਕਤੀ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਜ਼ਖਮੀ ਹੋਏ 3 ਵਿਦਿਆਰਥੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਜਾਣਕਾਰੀ ਯੁਨੀਵਰਸਿਟੀ ਪੁਲਿਸ ਨੇ ਦਿੱਤੀ ਹੈ। ਇਸ ਗੋਲੀਬਾਰੀ ਵਿਚ 3 ਵਿਦਿਆਰਥੀਆਂ ਦੀ ਮੌਕੇ ਉਪਰ ਹੀ ਮੌਤ ਹੋ ਗਈ ਸੀ ਜਦ ਕਿ 5 ਹੋਰ ਜ਼ਖਮੀ ਹੋ ਗਏ ਸਨ। ਯੁਨੀਵਰਸਿਟੀ ਵਿਚ ਹਾਲਾਤ ਹੌਲੀ-ਹੌਲੀ ਆਮ ਵਾਂਗ ਹੋ ਰਹੇ ਹਨ ਹਾਲਾਂ ਕਿ ਡਰ ਤੇ ਤਨਾਅ ਦਾ ਵਾਤਾਵਰਣ ਅਜੇ ਕਾਇਮ ਹੈ। ਯਨੀਵਰਸਿਟੀ ਦੇ ਅੰਤ੍ਰਿਮ ਮੁਖੀ ਤੇ ਕਾਰਜਕਾਰੀ ਉੱਪ ਪ੍ਰਧਾਨ ਅਕੈਡਮਿਕ ਮਾਮਲੇ ਥਾਮਸ ਜੀਟਸ਼ਕੋ ਨੇ ਕਿਹਾ ਹੈ ਕਿ ਗੋਲੀਬਾਰੀ ਦੀ ਘਟਨਾ ਦੇ ਇਕ ਹਫਤੇ ਬਾਅਦ ਕਲਾਸਾਂ ਸ਼ੁਰੂ ਹੋਣ ਦੀ ਆਸ ਹੈ ਪਰੰਤੂ ਉਨਾਂ ਕਮਰਿਆਂ ਵਿਚ ਕਲਾਸਾਂ ਨਹੀਂ ਲਾਈਆਂ ਜਾਣਗੀਆਂ ਜਿਨਾਂ ਵਿਚ ਹਮਲਾਵਰ ਨੇ ਵਿਦਿਆਰਥੀਆਂ ਦੀ ਹੱਤਿਆ ਕੀਤੀ ਸੀ ਜਾਂ ਜ਼ਖਮੀ ਕੀਤੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੀਟਸ਼ਕੋ ਨੇ ਕਿਹਾ ਹੈ ਕਿ ਅਸੀਂ ਕਲ ਤੋਂ ਯੁਨੀਵਰਸਿਟੀ ਕੈਂਪਸ ਵਿਚ ਜਾਣ ਤੇ ਰੈਗੂਲਰ ਕਲਾਸਾਂ ਲਾਉਣ ਤੇ ਕੰਮ ਕਰਨ ਦਾ ਫੈਸਲਾ ਲਿਆ ਹੈ। ਉਨਾਂ ਸਪਸ਼ਟ ਕੀਤਾ ਕਿ ਮੈ ਇਹ ਗੱਲ ਜੋਰ ਦੇ ਕੇ ਕਹਿ ਰਿਹਾ ਹਾਂ ਕਿ ਕਿਸੇ ਨੂੰ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਆਮ ਦੀ ਤਰਾਂ ਕੈਂਪਸ ਵਿਚ ਜਾ ਰਹੇ ਹਾਂ। ਸਥਿੱਤੀਆਂ ਅਸਧਾਰਨ ਹਨ ਤੇ ਅਸਲ ਵਿਚ ਇਹ ਸਮੈਸਟਰ ਸਧਾਰਨ ਰਹਿਣ ਵਾਲਾ ਨਹੀਂ ਹੈ। ਉਨਾਂ ਕਿਹਾ ਕਿ 300 ਦੇ ਆਸ ਪਾਸ ਕਲਾਸਾਂ ਯੁਨੀਵਰਸਿਟੀ ਵਿਚ ਹੋਰ ਥਾਵਾਂ ‘ਤੇ ਤਬਦੀਲ ਕਰ ਦਿੱਤੀਆਂ ਗਈਆਂ ਹਨ । ਇਨਾਂ ਵਿਚ ਉਹ ਥਾਵਾਂ ਵੀ ਸ਼ਾਮਿਲ ਹਨ ਜਿਨਾਂ ਦੀ ਆਮ ਤੌਰ ‘ਤੇ ਵਰਤੋਂ ਸਮਾਗਮ ਤੇ ਸੈਮੀਨਾਰ ਕਰਨ ਲਈ ਕੀਤੀ ਜਾਂਦੀ ਹੈ। ਅਧਿਕਾਰੀਆਂ ਅਨੁਸਾਰ ਇਕ ਵਿਅਕਤੀ ਜਿਸ ਦੇ ਯੁਨੀਵਰਸਿਟੀ ਨਾਲ ਸਿੱਧੇ ਤੌਰ ‘ਤੇ ਕੋਈ ਸਬੰਧ ਨਹੀਂ ਸਨ, ਨੇ ਯੁਨੀਵਰਸਿਟੀ ਨੂੰ ਨਿਸ਼ਾਨਾ ਕਿਉਂ ਬਣਾਇਆ, ਇਹ ਗੱਲ ਅਜੇ ਸਾਫ ਨਹੀਂ ਹੋ ਸਕੀ । ਹਮਲਾਵਰ ਜਿਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖਤਮ ਕਰ ਲਿਆ ਸੀ, ਉਸ ਦੀ ਜੇਬ ਵਿਚੋਂ ਮਿਲੇ ਨੋਟ ਵਿਚ ਇਥੋਂ ਸੈਂਕੜੇ ਮੀਲ ਦੂਰ ਨਿਊ ਜਰਸੀ ਦੇ ਵਿਦਿਅਕ ਅਦਾਰਿਆਂ ਉਪਰ ਵੀ ਹਮਲਾ ਕਰਨ ਦਾ ਜਿਕਰ ਸੀ, ਉਹ ਅਜਿਹਾ ਕਿਉਂ ਕਰਨਾ ਚਹੁੰਦਾ ਸੀ,ਇਸ ਬਾਰੇ ਵੀ ਕੋਈ ਸਿੱਟਾ ਨਹੀਂ ਕੱਢਿਆ ਜਾ ਸਕਿਆ।