#PUNJAB

ਮਿਸ਼ਨ-24 : ਅਰਵਿੰਦ ਕੇਜਰੀਵਾਲ 13 ਨੂੰ ਆਉਣਗੇ ਅੰਮ੍ਰਿਤਸਰ

ਜਲੰਧਰ, 8 ਸਤੰਬਰ (ਪੰਜਾਬ ਮੇਲ)- ਆਮ ਆਦਮੀ ਪਾਰਟੀ ਨੇ ਮਿਸ਼ਨ-2024 ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਤਹਿਤ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 13 ਸਤੰਬਰ ਨੂੰ ਅੰਮ੍ਰਿਤਸਰ ਆ ਰਹੇ ਹਨ, ਜਿੱਥੇ ਉਹ ਪਾਰਟੀ ਦੇ ਵਾਲੰਟੀਅਰਸ ਨਾਲ ਮੁਲਾਕਾਤ ਤਾਂ ਕਰਨਗੇ ਹੀ, ਨਾਲ ਹੀ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮਿਲ ਕੇ ਪੰਜਾਬ ਵਿਚ ਪਹਿਲੇ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਵੀ ਕਰਨਗੇ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਡਾ. ਸੰਦੀਪ ਪਾਠਕ ਦੀ ਅਗਵਾਈ ’ਚ ਹੋਈਆਂ ਬੈਠਕਾਂ ਵਿਚ ਪਾਰਟੀ ਦੀਆਂ ਸਰਗਰਮੀਆਂ ਨੂੰ ਸੰਗਠਨ ਪੱਧਰ ’ਤੇ ਵਧਾਉਣ ਦਾ ਫ਼ੈਸਲਾ ਲਿਆ ਗਿਆ ਸੀ।

ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਇਹ ਸੁਨੇਹਾ ਭੇਜਿਆ ਗਿਆ ਹੈ ਕਿ ਜਿੱਥੇ ਇਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿਚ ਮਿਸ਼ਨ-24 ਨੂੰ ਲੈ ਕੇ ਪੂਰੀ ਤਰ੍ਹਾਂ ਸਰਗਰਮ ਹੋਣ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕੇਂਦਰੀ ਨੇਤਾਵਾਂ ਨੂੰ ਵੀ ਪੰਜਾਬ ਦੇ ਦੌਰੇ ਸ਼ੁਰੂ ਕਰ ਦੇਣੇ ਚਾਹੀਦੇ ਹਨ। ਇਸੇ ਨੂੰ ਵੇਖਦੇ ਹੋਏ ਅਰਵਿੰਦ ਕੇਜਰੀਵਾਲ ਨੂੰ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਸੱਦਿਆ ਗਿਆ ਹੈ। ਹਾਲਾਂਕਿ ਕੌਮੀ ਪੱਧਰ ’ਤੇ ਇੰਡੀਆ ਨਾਂ ਦਾ ਗਠਜੋੜ ਬਣ ਚੁੱਕਾ ਹੈ ਅਤੇ ਵੱਖ-ਵੱਖ ਪਾਰਟੀਆਂ ਵਿਚਾਲੇ ਸੀਟਾਂ ਦੇ ਤਾਲਮੇਲ ਸਬੰਧੀ ਚਰਚਾ ਸ਼ੁਰੂ ਹੋਣ ਜਾ ਰਹੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਪੰਜਾਬ ਤੇ ਚੰਡੀਗੜ੍ਹ ਦੀਆਂ 14 ਸੀਟਾਂ ’ਤੇ ਧਿਆਨ ਕੇਂਦਰਤ ਕਰਨ ਦਾ ਫ਼ੈਸਲਾ ਕੀਤਾ ਹੈ। ਫਿਲਹਾਲ ਪਾਰਟੀ ਦੇ ਸਾਰੇ ਨੇਤਾਵਾਂ ਨੂੰ ਆਪੋ-ਆਪਣੇ ਖੇਤਰਾਂ ਵਿਚ ਸਰਗਰਮ ਹੋਣ ਲਈ ਕਿਹਾ ਗਿਆ ਹੈ। ਪੰਜਾਬ ਨੂੰ ਲੈ ਕੇ ਅਜੇ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਕੋਈ ਗੱਲਬਾਤ ਰਸਮੀ ਤੌਰ ’ਤੇ ਸ਼ੁਰੂ ਨਹੀਂ ਹੋਈ।

ਕਾਂਗਰਸ ਵਲੋਂ ਗਠਜੋੜ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਹਿ ਦਿੱਤਾ ਸੀ ਕਿ ‘ਆਪ’ ਇਕੱਲਿਆਂ ਚੋਣ ਲੜਨੀ, ਜਿੱਤਣੀ ਅਤੇ ਸਰਕਾਰ ਚਲਾਉਣੀ ਜਾਣਦੀ ਹੈ। ਸੰਗਠਨ ਵੱਲੋਂ ਸੂਬੇ ਦੇ ਸਾਰੇ ਮੰਤਰੀਆਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰਨ। ਉਨ੍ਹਾਂ ਨੂੰ ਸਰਕਾਰੀ ਬੈਠਕਾਂ ਦੇ ਨਾਲ-ਨਾਲ ਸਿਆਸੀ ਪ੍ਰੋਗਰਾਮਾਂ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲੈਣ ਲਈ ਕਿਹਾ ਗਿਆ ਹੈ।

Leave a comment