#OTHERS

ਮਾਹਸਾ ਅਮੀਨੀ ਮਰਨ ਉਪਰੰਤ ਵੱਕਾਰੀ ਮਨੁੱਖੀ ਅਧਿਕਾਰ ਪੁਰਸਕਾਰ ਨਾਲ ਸਨਮਾÎਨਤ

ਸਟ੍ਰਾਸਬਰਗ (ਫਰਾਂਸ), 20 ਅਕਤੂਬਰ (ਪੰਜਾਬ ਮੇਲ)- ਕੁਰਦ-ਇਰਾਨੀ ਮਹਿਲਾ ਮਾਹਸਾ ਅਮੀਨੀ (22) ਨੂੰ ਮਰਨ ਉਪਰੰਤ ਯੂਰਪੀ ਯੂਨੀਅਨ (ਈ.ਯੂ.) ਦੇ ਸਿਖਰਲੇ ਮਨੁੱਖੀ ਅਧਿਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਅਮੀਨੀ ਦੀ ਪਿਛਲੇ ਸਾਲ ਇਰਾਨ ‘ਚ ਪੁਲਿਸ ਹਿਰਾਸਤ ਦੌਰਾਨ ਮੌਤ ਹੋ ਗਈ ਸੀ ਅਤੇ ਇਸ ਘਟਨਾ ਮਗਰੋਂ ਦੇਸ਼ ਦੇ ਕੱਟੜਵਾਦੀ ਇਸਲਾਮਿਕ ਸ਼ਾਸਨ ਖ਼ਿਲਾਫ਼ ਦੁਨੀਆਂ ਭਰ ‘ਚ ਪ੍ਰਦਰਸ਼ਨ ਹੋਏ ਸਨ। ਯੂਰਪੀ ਯੂਨੀਅਨ ਦੇ ਇਸ ਪੁਰਸਕਾਰ ਦਾ ਨਾਮ ਅਸੰਤੁਸ਼ਟ ਸੋਵੀਅਤ ਆਗੂ ਆਂਦਰੇਈ ਸਖਾਰੋਵ ਦੇ ਨਾਮ ‘ਤੇ ਰੱਖਿਆ ਗਿਆ ਹੈ। ਇਸ ਪੁਰਸਕਾਰ ਦੀ ਸ਼ੁਰੂਆਤ 1988 ‘ਚ ਮਨੁੱਖੀ ਹੱਕਾਂ ਅਤੇ ਮੂਲ ਆਜ਼ਾਦੀ ਦੀ ਰੱਖਿਆ ਕਰਨ ਵਾਲੇ ਵਿਅਕਤੀਆਂ ਜਾਂ ਗਰੁੱਪਾਂ ਨੂੰ ਸਨਮਾਨਿਤ ਕਰਨ ਲਈ ਕੀਤੀ ਗਈ ਸੀ। ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਸਖਾਰੋਵ ਦਾ 1989 ‘ਚ ਦੇਹਾਂਤ ਹੋ ਗਿਆ ਸੀ। ਇਸ ਸਾਲ ਪੁਰਸਕਾਰ ਦੇ ਦਾਅਵੇਦਾਰਾਂ ‘ਚ ਵਿਲਮਾ ਨੁਨੇਜ਼ ਡੀ ਐਸਕੋਰਸੀਆ ਅਤੇ ਰੋਮਨ ਕੈਥੋਲਿਕ ਬਿਸ਼ਪ ਰੋਲੈਂਡੋ ਅਲਵਾਰੇਜ਼ ਸ਼ਾਮਲ ਸਨ, ਜਿਨ੍ਹਾਂ ਨਿਕਾਰਾਗੁਆ ‘ਚ ਮਨੁੱਖੀ ਹੱਕਾਂ ਦੀ ਰਾਖੀ ਲਈ ਸੰਘਰਸ਼ ਕੀਤਾ ਸੀ। ਉਨ੍ਹਾਂ ਤੋਂ ਇਲਾਵਾ ਪੋਲੈਂਡ, ਅਲ ਸਲਵਾਡੋਰ ਅਤੇ ਅਮਰੀਕਾ ਦੀਆਂ ਤਿੰਨ ਮਹਿਲਾਵਾਂ ਵੀ ਸ਼ਾਮਲ ਸਨ ਜੋ ਮੁਫ਼ਤ, ਸੁਰੱਖਿਅਤ ਅਤੇ ਕਾਨੂੰਨੀ ਗਰਭਪਾਤ ਲਈ ਸੰਘਰਸ਼ ਦੀ ਅਗਵਾਈ ਕਰ ਰਹੀਆਂ ਹਨ। ਅਮੀਨੀ ਦੀ 16 ਸਤੰਬਰ, 2022 ‘ਚ ਪੁਲੀਸ ਹਿਰਾਸਤ ‘ਚ ਮੌਤ ਹੋ ਗਈ ਸੀ, ਜਦੋਂ ਉਸ ਨੂੰ ਹਿਜਾਬ ਪਹਨਿਣ ਸਬੰਧੀ ਕਾਨੂੰਨ ਦੀ ਉਲੰਘਣਾ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਯੂਰਪੀਅਨ ਸੰਸਦ ਦੀ ਪ੍ਰਧਾਨ ਰੌਬਰਟਾ ਮੈਟਸੋਲਾ ਨੇ ਕਿਹਾ ਕਿ ਅਮੀਨੀ ਦੀ ਹੱਤਿਆ ਨੇ ਮਹਿਲਾਵਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ, ਜਿਸ ਮਗਰੋਂ ਅੰਦੋਲਨ ਦੀ ਇਕ ਨਵੀਂ ਸ਼ੁਰੂਆਤ ਹੋਈ ਹੈ।

Leave a comment