#AMERICA

ਮਾਸਕੋ ਤੋਂ 2 ਅਮਰੀਕੀ ਡਿਪਲੋਮੈਟ ਕੱਢਣ ਮਗਰੋਂ ਵਾਸ਼ਿੰਗਟਨ ਨੇ ਵੀ 2 ਰੂਸੀ ਡਿਪਲੋਮੈਟਾਂ ਨੂੰ ਕੱਢਿਆ

ਵਾਸ਼ਿੰਗਟਨ, 9 ਅਕਤੂਬਰ (ਪੰਜਾਬ ਮੇਲ)- ਪਿਛਲੇ ਮਹੀਨੇ ਮਾਸਕੋ ਤੋਂ ਦੋ ਅਮਰੀਕੀ ਡਿਪਲੋਮੈਟਾਂ ਨੂੰ ਕੱਢਣ ਦੇ ਜਵਾਬ ‘ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਦੋ ਰੂਸੀ ਡਿਪਲੋਮੈਟਾਂ ਨੂੰ ਵਾਸ਼ਿੰਗਟਨ ਤੋਂ ਕੱਢਣ ਦਾ ਹੁਕਮ ਦਿੱਤਾ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਕਿ ਇਹ ਕਦਮ ਰੂਸ ਵੱਲੋਂ ਦੋ ਅਮਰੀਕੀ ਡਿਪਲੋਮੈਟਾਂ ਨੂੰ ਉਸ ਰੂਸੀ ਨਾਗਰਿਕ ਨਾਲ ਸੰਪਰਕ ਕਰਨ ਕਾਰਨ ਭਗੌੜਾ ਵਿਅਕਤੀ ਕਰਾਰ ਕੀਤੇ ਜਾਣ ਦੇ ਜਵਾਬ ‘ਚ ਚੁੱਕਿਆ ਗਿਆ ਹੈ, ਜੋ ਕਿ ਰੂਸ ਦੇ ਦੂਰ-ਪੂਰਬੀ ਸ਼ਹਿਰ ਵਲਾਦੀਵੋਸਤੋਕ ‘ਚ ਬੰਦ ਹੋ ਚੁੱਕੇ ਅਮਰੀਕੀ ਦੂਤਘਰ ਲਈ ਕੰਮ ਕਰਦਾ ਸੀ ਅਤੇ ਜਿਸ ਨੂੰ ਇਸ ਸਾਲ ਗ੍ਰਿਫਤਾਰ ਕੀਤਾ ਗਿਆ ਸੀ।
ਮਿਲਰ ਨੇ ਇਕ ਬਿਆਨ ਵਿਚ ਕਿਹਾ, ‘ਮੰਤਰਾਲਾ ਰੂਸੀ ਸਰਕਾਰ ਵੱਲੋਂ ਸਾਡੇ ਡਿਪਲੋਮੈਟਾਂ ਨੂੰ ਦਿੱਤੀ ਪ੍ਰੇਸ਼ਾਨੀ ਨੂੰ ਬਰਦਾਸ਼ਤ ਨਹੀਂ ਕਰੇਗਾ।’ ਮਾਸਕੋ ‘ਚ ਸਾਡੇ ਦੂਤਘਰ ਦੇ ਕਰਮਚਾਰੀਆਂ ਖਿਲਾਫ ਕਿਸੇ ਵੀ ਨਾ ਮੰਨਣਯੋਗ ਕਾਰਵਾਈ ਦੇ ਢੁੱਕਵੇਂ ਨਤੀਜੇ ਦਿੱਤੇ ਜਾਣਗੇ। ਅਮਰੀਕਾ ਨੇ ਰੂਸੀ ਡਿਪਲੋਮੈਟਾਂ ਨੂੰ ਕੱਢਣ ਦਾ ਫ਼ੈਸਲਾ ਅਜਿਹੇ ਸਮੇਂ ‘ਚ ਲਿਆ ਹੈ, ਜਦੋਂ ਯੂਕਰੇਨ ਖ਼ਿਲਾਫ਼ ਰੂਸ ਦੀ ਜੰਗ ਸਬੰਧੀ ਵਾਸ਼ਿੰਗਟਨ ਅਤੇ ਮਾਸਕੋ ਵਿਚਾਲੇ ਤਣਾਅ ਵਧ ਗਿਆ ਹੈ। ਅਮਰੀਕਾ ਅਤੇ ਰੂਸ ਵਿਚਾਲੇ ਕੂਟਨੀਤਕ ਸਬੰਧ ਸ਼ੀਤ ਜੰਗ ਦੇ ਦੌਰ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਏ ਹਨ।

Leave a comment