ਜਦੋਂ ਟੋਲ ‘ਤੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਕਾਫਲੇ ਦੀਆਂ ਵੱਜੀਆਂ ਬਰੇਕਾਂ…
ਸਾਰੇ ਟੋਲ ਮੁਲਾਜ਼ਿਮ ਬਿਠਾਏ ਕਾਲਾ ਝਾੜ ਪੁਲਿਸ ਚੌਂਕੀ; ਦੋ ਘੰਟੇ ਟੋਲ ਰਿਹਾ ਫ੍ਰੀ
ਭਵਾਨੀਗੜ੍ਹ, 16 ਮਾਰਚ (ਦਲਜੀਤ ਕੌਰ/ਪੰਜਾਬ ਮੇਲ)- ਭਵਾਨੀਗੜ੍ਹ ਨੇੜੇ ਕਾਲਾਝਾੜ ਟੋਲ ਪਲਾਜਾ ਜੋ ਕਿ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ਨੰਬਰ 7 ‘ਤੇ ਸਥਿਤ ਹੈ, ਇਹ ਅਕਸਰ ਸੁਰਖੀਆਂ ‘ਚ ਰਹਿੰਦਾ ਹੈ। ਬੀਤੇ ਕੱਲ ਦੇਰ ਸ਼ਾਮ ਉਕਤ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੂੰ ਉਸ ਹੱਥਾਂ ਪੈਰਾਂ ਦੀ ਪੈ ਗਈ ਜਦੋੰ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਚੀਮਾ ਦੀ ਗੱਡੀ ‘ਤੇ ਟੋਲ ਗੇਟ ਕ੍ਰਾਸ ਕਰਦੇ ਸਮੇਂ ਟੋਲ ਬੂਮ ਡਿੱਗ ਪਿਆ।
ਜਾਣਕਾਰੀ ਮੁਤਾਬਕ ਅਚਾਨਕ ਵਾਪਰੀ ਇਸ ਘਟਨਾ ਨੂੰ ਲੈ ਕੇ ਵਿੱਤ ਮੰਤਰੀ ਦੇ ਨਾਲ ਮੌਜੂਦ ਸੁਰੱਖਿਆ ਕਰਮੀਆਂ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਨਾ ਦੇਣ ‘ਤੇ ਬਾਅਦ ‘ਚ ਮੌਕੇ ‘ਤੇ ਪਹੁੰਚੀ ਪੁਲਿਸ ਨੇ ਟੋਲ ਦੇ ਇੱਕ ਦਰਜਨ ਦੇ ਕਰੀਬ ਕਰਮਚਾਰੀਆਂ ਨੂੰ ਕਾਲਾਝਾੜ ਪੁਲਿਸ ਚੌਕੀ ਲਿਜਾਇਆ ਗਿਆ ਜਿਸ ਦੌਰਾਨ ਲਗਭਗ ਇੱਕ ਘੰਟਾ ਟੋਲ ਪਲਾਜ਼ਾ ਤੋਂ ਵਾਹਨ ਚਾਲਕ ਬਿਨਾਂ ਪਰਚੀ ਕਟਵਾਏ ਲੰਘਦੇ ਰਹੇ।
ਆਸ ਮਾਮਲੇ ਦੀ ਪੁਸ਼ਟੀ ਕਰਦਿਆਂ ਉਕਤ ਟੋਲ ਦੇ ਮੈਨੈਜਰ ਮੁਹੰਮਦ ਨਸੀਰ ਖਾਨ ਨੇ ਦੱਸਿਆ ਕਿ ਕਾਰ ‘ਤੇ ਟੋਲ ਬੂਮ ਉਸ ਸਮੇਂ ਡਿੱਗਿਆ ਜਦੋਂ ਵਿੱਤ ਮੰਤਰੀ ਹਰਪਾਲ ਚੀਮਾ ਚੰਡੀਗੜ੍ਹ ਤੋਂ ਸੰਗਰੂਰ ਵੱਲ ਜਾ ਰਹੇ ਸਨ। ਹਾਲਾਂਕਿ ਮੈਨੇਜਰ ਨੇ ਸਪੱਸ਼ਟ ਕੀਤਾ ਕਿ ਵੀਆਈਪੀ ਲੋਕਾਂ ਲਈ ਟੋਲ ਤੋਂ ਲੰਘਣ ਲਈ ਵੱਖਰੀ ਵੀਆਈਪੀ ਲੇਨ ਬਣੀ ਹੈ, ਮੰਤਰੀ ਦਾ ਕਾਫਲਾ ਆਮ ਲੇਨ ‘ਚੋਂ ਲੰਘਣ ਕਰਕੇ ਟੋਲ ਦਾ ਆਟੋਮੈਟਿਕ ਬੂਮ ਉਨ੍ਹਾਂ ਦੀ ਗੱਡੀ ‘ਤੇ ਡਿੱਗ ਪਿਆ ਤੇ ਉਨ੍ਹਾਂ ਦਾ ਕਾਫਲਾ ਰੁਕ ਗਿਆ। ਜਿਸ ‘ਤੇ ਵਿੱਤ ਮੰਤਰੀ ਦੇ ਸੁਰੱਖਿਆ ਮੁਲਾਜ਼ਮਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਨਾ ਦਿੱਤੀ। ਮੈਨੇਜਰ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ ਡੀਐੱਸਪੀ ਭਵਾਨੀਗੜ੍ਹ ਮੋਹਿਤ ਅਗਰਵਾਲ ਵੱਲੋਂ ਟੋਲ ਗੇਟਾਂ ‘ਤੇ ਡਿਊਟੀ ਉਪਰ ਹਾਜ਼ਰ ਸਾਰੇ ਕਰਮਚਾਰੀਆਂ ਨੂੰ ਪੁੱਛਗਿਛ ਲਈ ਕਾਲਾਝਾੜ ਪੁਲਸ ਚੌਕੀ ਵਿਖੇ ਲਿਆਂਦਾ ਗਿਆ ਤੇ ਬਾਅਦ ਵਿੱਚ ਸਾਰੇ ਕਰਮਚਾਰੀਆਂ ਨੂੰ ਛੱਡ ਗਿਆ। ਕਾਲਾਝਾੜ ਚੌਕੀ ਇੰਚਾਰਜ਼ ਏਐੱਸਆਈ ਗੁਰਮੇਲ ਸਿੰਘ ਨੇ ਆਖਿਆ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ‘ਤੇ ਟੋਲ ਕਰਮਚਾਰੀਆਂ ਨੂੰ ਪੁਲਿਸ ਨੇ ਜਾਣ ਦਿੱਤਾ।
ਮਾਮਲਾ ਵੀਆਈਪੀਜ਼ ਦੀ ਸੁਰੱਖਿਆ ਨਾਲ ਜੁੜਿਆ : ਡੀਐੱਸਪੀ
ਉੱਧਰ, ਸੰਪਰਕ ਕਰਨ ‘ਤੇ ਡੀਐੱਸਪੀ ਮੋਹਿਤ ਅਗਰਵਾਲ ਨੇ ਆਖਿਆ ਕਿ ਮਾਮਲਾ ਕਿਸੇ ਵੀਆਈਪੀ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਸੀ। ਸੂਬੇ ਦੇ ਮਾਨਯੋਗ ਵਿੱਤ ਮੰਤਰੀ ਦੇ ਕਾਫਲੇ ਦੌਰਾਨ ਰੁਕਾਵਟ ਪੈਣ ਦੀ ਸੂਚਨਾ ਮਿਲਣ ‘ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਤੇ ਬਾਅਦ ਵਿੱਚ ਟੋਲ ਕਰਮੀਆਂ ਨੂੰ ਭਵਿੱਖ ‘ਚ ਲਾਪਰਵਾਹੀ ਸਾਹਮਣੇ ਨਾ ਆਉਣ ਦੇਣ ਦੀ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।