– ਗੁਰਮੀਤ ਸਿੰਘ ਖੁੱਡੀਆਂ ਅਤੇ ਬਲਕਾਰ ਸਿੰਘ ਨੇ ਚੁੱਕੀ ਸਹੁੰ
– ਡਾ. ਇੰਦਰਬੀਰ ਸਿੰਘ ਨਿੱਜਰ ਵੱਲੋਂ ਪੰਜਾਬ ਕੈਬਨਿਟ ਤੋਂ ਅਸਤੀਫ਼ਾ
ਚੰਡੀਗੜ੍ਹ, 31 ਮਈ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ‘ਚ 2 ਨਵੇਂ ਚਿਹਰੇ ਸ਼ਾਮਲ ਹੋ ਗਏ ਹਨ। ਇੱਥੇ ਪੰਜਾਬ ਰਾਜ ਭਵਨ ਵਿਖੇ ਮੁੱਖ ਮੰਤਰੀ ਮਾਨ ਨੇ ਆਪਣੀ ਕੈਬਨਿਟ ‘ਚ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਅਤੇ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੂੰ ਸ਼ਾਮਲ ਕਰ ਲਿਆ ਹੈ। ਦੋਹਾਂ ਮੰਤਰੀਆਂ ਵਲੋਂ ਰਾਜ ਭਵਨ ਵਿਖੇ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਬਾਦਲ ਪਰਿਵਾਰ ਨੂੰ ਟੱਕਰ ਦੇਣ ਲਈ ਨਵਾਂ ਦਾਅ ਖੇਡਣ ਜਾ ਰਹੇ ਹਨ। ਉਨ੍ਹਾਂ ਵੱਲੋਂ ਹਲਕਾ ਲੰਬੀ ਤੋਂ ਪੰਜ ਵਾਰ ਦੇ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਨੂੰ ਵਿਸ਼ੇਸ਼ ਤੌਰ ‘ਤੇ ਕੈਬਨਿਟ ਵਿਚ ਸ਼ਾਮਲ ਕੀਤਾ ਗਿਆ ਹੈ।
ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਇਸ ਨਾਲ ਮਾਲਵਾ ਖ਼ਿੱਤੇ ‘ਚ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਤੇ ਨਾਲ ਹੀ ਬਾਦਲ ਪਰਿਵਾਰ ਦੇ ਗੜ੍ਹ ਵਿਚ ਉਨ੍ਹਾਂ ਨੂੰ ਕਰੜੀ ਚੁਣੌਤੀ ਦਿੱਤੀ ਜਾਏਗੀ। ਸਿਆਸੀ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਦੇਹਾਂਤ ਮਗਰੋਂ ਬਾਦਲ ਪਰਿਵਾਰ ਨੂੰ ਇਸ ਖਿੱਤੇ ਵਿਚ ਨਾ ਪੂਰਾ ਹੋਣ ਵਾਲਾ ਘਾਟਾ ਪਵੇਗਾ ਕਿਉਂਕਿ ਬਹੁਤ ਸਾਰੇ ਲੋਕ ਭਾਵਨਾਤਮਿਕ ਤੌਰ ‘ਤੇ ਪ੍ਰਕਾਸ਼ ਸਿੰਘ ਬਾਦਲ ਨਾਲ ਜੁੜੇ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਨੂੰ ਆਪਣੀ ਕੈਬਨਿਟ ‘ਚ ਸ਼ਾਮਲ ਕਰਨ ਦਾ ਫ਼ੈਸਲਾ ਕਰਕੇ ਜਲੰਧਰ ਨੂੰ ਮਾਣ ਦਿੱਤਾ ਹੈ। ਭਾਵੇਂ ਆਮ ਆਦਮੀ ਪਾਰਟੀ ਦੇ ਕੁੱਝ ਹੋਰ ਵਿਧਾਇਕ ਵੀ ਜਲੰਧਰ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ ਪਰ ਉਨ੍ਹਾਂ ‘ਤੇ ਮੁੱਖ ਮੰਤਰੀ ਦਾ ਜ਼ਿਆਦਾ ਭਰੋਸਾ ਨਾ ਹੋਣ ਕਾਰਨ ਬਲਕਾਰ ਸਿੰਘ ਨੂੰ ਥਾਂ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਬਲਕਾਰ ਸਿੰਘ ਦੇ ਮੰਤਰੀ ਬਣਨ ਤੋਂ ਬਾਅਦ ਦੋਆਬੇ ਤੋਂ ਭਗਵੰਤ ਮਾਨ ਮੰਤਰੀ ਮੰਡਲ ‘ਚ ਮੰਤਰੀਆਂ ਦੀ ਗਿਣਤੀ ਵੱਧ ਕੇ 2 ਹੋ ਗਈ ਹੈ, ਕਿਉਂਕਿ ਹੁਸ਼ਿਆਰਪੁਰ ਤੋਂ ਪਹਿਲਾਂ ਬ੍ਰਹਮ ਸ਼ੰਕਰ ਜਿੰਪਾ ਨੂੰ ਮੰਤਰੀ ਮੰਡਲ ਦੇ ਗਠਨ ਸਮੇਂ ਮੰਤਰੀ ਬਣਾ ਦਿੱਤਾ ਗਿਆ ਸੀ।
ਦੱਸ ਦਈਏ ਕਿ ‘ਆਪ’ ਸਰਕਾਰ ਵੱਲੋਂ ਪੰਜਾਬ ਕੈਬਨਿਟ ਵਿਚ ਚੌਥੀ ਵਾਰ ਫੇਰਬਦਲ ਕੀਤਾ ਗਿਆ ਹੈ। ਕੈਬਨਿਟ ਵਿਚ ਹਲਕਾ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਤੇ ਹਲਕਾ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਨੂੰ ਨਵੇਂ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ। ਉਧਰ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਆਪਣੇ ਅਹੁਦੇ ਤੋਂ ਨਿੱਜੀ ਕਾਰਨਾਂ ਕਰਕੇ ਅਸਤੀਫਾ ਦੇ ਦਿੱਤਾ ਸੀ।