#PUNJAB

ਮਾਨਸਾ ਪੁਲਿਸ ਵੱਲੋਂ 6 ਸਾਲਾਂ ਬੱਚੇ ਨੂੰ ਮਾਰਨ ਦੇ ਦੋਸ਼ ‘ਚ 2 ਸਕੇ ਭਰਾਵਾਂ ਸਮੇਤ 3 ਕਾਬੂ

ਮਾਨਸਾ, 18 ਮਾਰਚ (ਪੰਜਾਬ ਮੇਲ)- ਪੁਲਿਸ ਨੇ ਇਥੋਂ ਨੇੜਲੇ ਪਿੰਡ ਕੋਟਲੀ ਕਲਾਂ ਵਿਚ ਛੇ ਸਾਲਾਂ ਦੇ ਬੱਚੇ ਹਰਉਦੈਵੀਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਦੋਸ਼ ‘ਚ ਤਿੰਨ ਜਣਿਆਂ ਨੂੰ ਮੋਟਰਸਾਈਕਲ ਅਤੇ ਕਤਲ ਲਈ ਵਰਤੇ ਪਿਸਤੌਲ (ਕੱਟਾ) ਸਮੇਤ ਕਾਬੂ ਕੀਤਾ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲਿਸ ਡਾ. ਨਾਨਕ ਸਿੰਘ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਘਟਨਾ ਤੋਂ ਕੁਝ ਸਮੇਂ ਕਾਬੂ ਕੀਤੇ ਤਿੰਨੇ ਜਣੇ ਪਿੰਡ ਕੋਟਲੀ ਕਲਾਂ ਦੇ ਹੀ ਰਹਿਣ ਵਾਲੇ ਹਨ। ਇਹ ਕਤਲ ਆਪਸੀ ਰੰਜਿਸ਼ ਕਾਰਨ ਕੀਤਾ ਗਿਆ ਹੈ। ਬੱਚੇ ਹਰਉਦੈਵੀਰ ਸਿੰਘ ਦੇ ਪਿਤਾ ਜਸਪ੍ਰੀਤ ਸਿੰਘ ਦੇ ਚਾਚੇ ਦੇ ਘਰ ਸੇਵਕ ਸਿੰਘ ਪਾਲੀ ਰਲ਼ਿਆ ਹੋਇਆ ਸੀ। ਇੱਕ ਦਿਨ ਉਥੇ ਉਸ ਨੇ ਨਾਬਾਲਗ ਬੱਚੀ ਨਾਲ ਗ਼ਲਤ ਹਰਕਤ ਕਰ ਦਿੱਤੀ, ਜਿਸ ਕਾਰਨ ਸੇਵਕ ਸਿੰਘ ਨੂੰ ਜਸਪ੍ਰੀਤ ਸਿੰਘ ਨੇ ਘੂਰ ਦਿੱਤਾ। ਬਾਅਦ ਵਿਚ ਉਸ ਨੇ ਆਪਣੇ ਭਰਾ ਨਾਲ ਇਹ ਗੱਲ ਸਾਂਝੀ ਕੀਤੀ। ਫਿਰ ਉਨ੍ਹਾਂ ਨੇ ਜਸਪ੍ਰੀਤ ਸਿੰਘ ਨੂੰ ਮਾਰਨ ਦਾ ਇਰਾਦਾ ਕਰ ਲਿਆ ਅਤੇ ਇਸ ਦਿਨ ਸਾਜ਼ਿਸ਼ ਰਚ ਕੇ ਉਸ ਉਤੇ ਗੋਲੀਆਂ ਚਲਾ ਦਿੱਤੀਆਂ। ਗੋਲ਼ੀ ਜਸਪ੍ਰੀਤ ਸਿੰਘ ਦੀ ਥਾਂ ਛੇ ਸਾਲਾਂ ਦੇ ਬੱਚੇ ਹਰਉਦੈਵੀਰ ਸਿੰਘ ਨੂੰ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਤਿੰਨੇ ਫੜੇ ਹੋਏ ਵਿਅਕਤੀਆਂ ਸੇਵਕ ਸਿੰਘ, ਅੰਮ੍ਰਿਤ ਸਿੰਘ ਅਤੇ ਚੰਨੀ ਸਿੰਘ ਨੂੰ ਮਾਨਸਾ ਦੀ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਦੌਰਾਨ ਹਥਿਆਰ ਕਿਥੋਂ ਲਿਆ ਅਤੇ ਕਈ ਕਿਸਮ ਦੀ ਹੋਰ ਪੁੱਛ ਪੜਤਾਲ ਕੀਤੀ ਜਾਵੇਗੀ।

Leave a comment