ਪਟਨਾ, 13 ਅਪ੍ਰੈਲ (ਪੰਜਾਬ ਮੇਲ)- ਇਥੋਂ ਦੀ ਅਦਾਲਤ ਨੇ ਮੋਦੀ ਨਾਂ ਬਾਰੇ ਕੀਤੀ ਗਈ ਟਿੱਪਣੀ ਸਬੰਧੀ ਮਾਣਹਾਨੀ ਕੇਸ ਵਿਚ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ 25 ਅਪ੍ਰੈਲ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਹ ਮਾਣਹਾਨੀ ਕੇਸ ਐੱਮ.ਪੀ./ਐੱਮ.ਐੱਲ.ਏ. ਅਦਾਲਤ ਵਿਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਵੱਲੋਂ ਦਾਇਰ ਕੀਤਾ ਗਿਆ ਹੈ। ਅਦਾਲਤ ਦੇ ਵਿਸ਼ੇਸ਼ ਨਿਆਂਇਕ ਮੈਜਿਸਟਰੇਟ ਆਦਿ ਦੇਵ ਨੇ 18 ਮਾਰਚ ਨੂੰ ਹੁਕਮ ਸੁਣਾਇਆ ਸੀ ਕਿ ਇਸ ਕੇਸ ਵਿਚ ਰਾਹੁਲ 12 ਅਪ੍ਰੈਲ ਨੂੰ ਅਦਾਲਤ ਵਿਚ ਪੇਸ਼ ਹੋਵੇ। ਕੇਸ ਦੀ ਹੋਈ ਸੁਣਵਾਈ ਦੌਰਾਨ ਬਚਾਅ ਪੱਖ ਨੇ ਤਰਕ ਦਿੱਤਾ ਕਿ ਸੂਰਤ ਕੇਸ ਵਿਚ ਰੁੱਝੇ ਹੋਣ ਕਾਰਨ ਰਾਹੁਲ ਗਾਂਧੀ ਨੂੰ ਇਸ ਕੇਸ ਵਿਚ ਪੇਸ਼ ਹੋਣ ਲਈ ਨਵੀਂ ਤਰੀਕ ਦਿੱਤੀ ਜਾਵੇ, ਜਿਸ ਮਗਰੋਂ ਅਦਾਲਤ ਨੇ ਇਸ ਕੇਸ ਵਿਚ ਸੁਣਵਾਈ ਲਈ ਰਾਹੁਲ ਨੂੰ 25 ਅਪ੍ਰੈਲ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।