#PUNJAB

ਮਾਣਯੋਗ ਜੱਜਾਂ ਖਿਲਾਫ ਗਲਤ ਬੋਲਣ ਵਾਲੇ ਬਰਖਾਸਤ ਡੀ.ਐੱਸ.ਪੀ. ਨੂੰ ਭੇਜਿਆ ਜੇਲ੍ਹ

ਲੁਧਿਆਣਾ, 22 ਫਰਵਰੀ (ਪੰਜਾਬ ਮੇਲ)- ਹਾਈ ਕੋਰਟ ਖ਼ਿਲਾਫ ਗਲਤ ਟਿੱਪਣੀ ਕਰਕੇ ਮਾਣਯੋਗ ਜੱਜਾਂ ਖ਼ਿਲਾਫ ਗਲਤ ਬੋਲਣ ਵਾਲੇ ਬਰਖਾਸਤ ਡੀ.ਐੱਸ.ਪੀ. ਬਲਵਿੰਦਰ ਸਿੰਘ ਸੇਖੋਂ ਨੂੰ ਮੰਗਲਵਾਰ ਪੁਲਿਸ ਨੇ ਕੋਰਟ ‘ਚ ਪੇਸ਼ ਕੀਤਾ, ਜਿੱਥੋਂ ਕੋਰਟ ਨੇ ਸੇਖੋਂ ਨੂੰ ਜੇਲ ਭੇਜ ਦਿੱਤਾ। ਹੁਣ ਸੇਖੋਂ ਨੂੰ ਪੁਲਿਸ 24 ਫਰਵਰੀ ਨੂੰ ਹਾਈ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਅਸਲ ‘ਚ ਬਰਖਾਸਤ ਡੀ.ਐੱਸ.ਪੀ. ਬਲਵਿੰਦਰ ਸਿੰਘ ਸੇਖੋਂ ਨੇ ਨਸ਼ੇ ਖ਼ਿਲਾਫ ਹਾਈਕੋਰਟ ‘ਚ ਇਕ ਪਟੀਸ਼ਨ ਦਾਇਰ ਕੀਤੀ ਸੀ। ਉਕਤ ਪਟੀਸ਼ਨ ਦੀ ਸੁਣਵਾਈ ਦੇਰ ਨਾਲ ਹੋਣ ‘ਤੇ ਸੇਖੋਂ ਨੇ ਚੰਡੀਗੜ੍ਹ ‘ਚ ਇਕ ਪ੍ਰੈੱਸ ਕਾਰਨਫਰੰਸ ਦੌਰਾਨ ਹਾਈ ਕੋਰਟ ਅਤੇ ਜੱਜਾਂ ਖ਼ਿਲਾਫ ਗਲਤ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਸੋਮਵਾਰ ਨੂੰ ਹਾਈ ਕੋਰਟ ਨੇ ਸੇਖੋਂ ਖ਼ਿਲਾਫ ਵਾਰੰਟ ਜਾਰੀ ਕਰਕੇ ਪੁਲਿਸ ਨੂੰ ਅਦਾਲਤ ‘ਚ ਪੇਸ਼ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ ਸੋਮਵਾਰ ਸ਼ਾਮ ਨੂੰ ਪੁਲਿਸ ਨੇ ਸੇਖੋਂ ਨੂੰ ਕਾਬੂ ਕਰ ਲਿਆ ਸੀ।
ਮੰਗਲਵਾਰ ਸਵੇਰੇ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ। ਇਸ ਦੌਰਾਨ ਬਰਖਾਸਤ ਡੀ.ਐੱਸ.ਪੀ. ਦੇ ਹਮਾਇਤੀਆਂ ਨੇ ਵੀ ਉਸ ਦੇ ਹੱਕ ‘ਚ ਨਾਅਰੇਬਾਜ਼ੀ ਕੀਤੀ, ਨਾਲ ਹੀ ਸੇਖੋਂ ਨੇ ਫਿਰ ਅਦਾਲਤਾਂ ‘ਤੇ ਨਿਸ਼ਾਨਾ ਸਾਧਿਆ। ਸੇਖੋਂ ਨੇ ਕਿਹਾ ਕਿ ਉਹ ਆਪਣੇ ਬਿਆਨ ‘ਤੇ ਖੜ੍ਹੇ ਹਨ। ਫਿਰ ਭਾਵੇਂ ਉਨ੍ਹਾਂ ਨੂੰ ਇਸ ਦੀ ਕੋਈ ਵੀ ਕੀਮਤ ਅਦਾ ਕਿਉਂ ਨਾ ਕਰਨੀ ਪਵੇ।

Leave a comment